ਮਾਮਲਾ ਕੰਧ ਢਾਹ ਕੇ ਡੇਰੇ ਨੂੰ ਰਸਤਾ ਬਣਾਉਣ ਦਾ

02/17/2018 10:30:47 AM

ਮੌੜ ਮੰਡੀ (ਪ੍ਰਵੀਨ)-ਸਥਾਨਕ ਸ਼ਹਿਰ ਦੇ ਪੀਰਖਾਨਾ ਸਮਰਥਕਾਂ ਅਤੇ ਡੇਰਾ ਮੋਨੀ ਬਾਬਾ ਹਨੂਮਾਨਗੜ੍ਹੀ ਦੇ ਸਮਰਥਕਾਂ ਵਿਚਕਾਰ ਇਕ ਜਗ੍ਹਾ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਵੀ ਸੁਲਘ ਰਿਹਾ ਹੈ। ਇਕ ਪਾਸੇ ਜਿੱਥੇ ਡੇਰਾ ਸਮਰਥਕ ਡੇਰੇ ਨੂੰ ਰਸਤੇ ਲਈ ਜਗ੍ਹਾ ਦੀ ਪੱਕੇ ਤੌਰ 'ਤੇ ਮੰਗ ਕਰ ਰਹੇ ਹਨ ਉਥੇ ਦੂਜੇ ਪਾਸੇ ਪੀਰਖਾਨਾ ਸਮਰਥਕ ਇਸ ਜਗ੍ਹਾ ਨੂੰ ਕਾਨੂੰਨੀ ਰੂਪ 'ਚ ਆਪਣਾ ਦੱਸਦੇ ਹੋਏ ਜਗ੍ਹਾ ਛੱਡਣ ਨੂੰ ਤਿਆਰ ਨਹੀਂ, ਜਿਸ ਕਾਰਨ ਇਹ ਮਾਮਲਾ ਕਿਸੇ ਵੀ ਸਮੇਂ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ।
 ਇਸ ਜਗ੍ਹਾ ਦੇ ਮਾਮਲੇ ਨੂੰ ਲੈ ਕੇ ਅੱਜ ਐੱਸ. ਡੀ. ਐੱਮ. ਦਫ਼ਤਰ ਮੌੜ ਵਿਖੇ ਪੇਸ਼ੀ ਸੀ, ਮਾਮਲੇ ਨੂੰ ਸ਼ਾਂਤ ਰੱਖਣ ਦੇ ਮਕਸਦ ਨਾਲ ਭਾਵੇਂ ਪੇਸ਼ੀ ਦੀ ਮਿਤੀ 21 ਫਰਵਰੀ ਪਾ ਦਿੱਤੀ ਗਈ ਹੈ ਪਰ ਡੇਰਾ ਸਮੱਰਥਕਾਂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਣ ਦਿਖਾਉਣ ਲਈ ਡੇਰੇ ਵਿਖੇ ਭਾਰੀ ਇਕੱਠ ਕੀਤਾ ਹੋਇਆ ਸੀ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ, ਬਲਵੀਰ ਸਿੰਘ ਬੱਲੂਆਣਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਚਰਨ ਸਿੰਘ ਕੋਟਲੀ, ਗੁਰਚਰਨ ਸਿੰਘ ਕੋਟਲੀ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਜਗ੍ਹਾ ਦਾ ਵਿਵਾਦ ਹੈ ਉਹ ਸ਼ਾਮਲਾਟ ਦੀ ਜਗ੍ਹਾ ਹੈ ਅਤੇ ਦੋਵੇਂ ਹੀ ਧਾਰਮਿਕ ਸਥਾਨ ਹਨ, ਜੇਕਰ ਇਸ 'ਚੋਂ ਡੇਰੇ ਨੂੰ ਜਗ੍ਹਾ ਦੇ ਦਿੱਤੀ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਉਹ ਗਰੀਬ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ ਪਰ ਅਸੀਂ ਦੋਵੇਂ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਦਾ ਮਿਲ ਬੈਠ ਕੇ ਹੱਲ ਕੱਢ ਲੈਣ।
 ਇਸ ਸਬੰਧੀ ਪੀਰਖਾਨਾ ਕਮੇਟੀ ਮੈਂਬਰਾਂ ਤਰਸੇਮ ਕੁਮਾਰ ਵਕੀਲ, ਰਾਕੇਸ਼ ਕੁਮਾਰ, ਰਾਮ ਕ੍ਰਿਸ਼ਨ ਆਦਿ ਦਾ ਕਹਿਣਾ ਹੈ ਕਿ ਜਗ੍ਹਾ ਸਬੰਧੀ ਮਾਮਲਾ ਮਾਣਯੋਗ ਅਦਾਲਤ ਵਿਚ ਲੱਗਾ ਹੋਇਆ ਹੈ ਅਤੇ ਜਗ੍ਹਾ ਦੀ ਰਜਿਸਟਰੀ ਪੀਰਖਾਨੇ ਦੇ ਨਾਮ ਹੈ, ਜਿਸ ਦਾ ਫੈਸਲਾ ਅਦਾਲਤ ਨੇ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜਗ੍ਹਾ 'ਤੇ ਸ਼ਰੇਆਮ ਧਾਰਾ 145 ਦੀ ਉਲੰਘਣਾ ਹੋ ਰਹੀ ਹੈ ਅਤੇ ਪ੍ਰਸ਼ਾਸਨ ਚੁੱਪ-ਚਾਪ ਸਭ ਕੁਝ ਦੇਖ ਰਿਹਾ ਹੈ, ਜਿਸ ਦੇ ਸਬੂਤ ਕਮੇਟੀ ਵੱਲੋਂ ਮਾਣਯੋਗ ਅਦਾਲਤ ਵਿਚ ਵੀ ਪੇਸ਼ ਕੀਤੇ ਜਾਣਗੇ ਤਾਂ ਜੋ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਹੋ ਸਕੇ।
ਹੁਣ ਦੇਖਣਾ ਇਹ ਹੈ ਕਿ ਦੋਵੇਂ ਧਿਰਾਂ 'ਚ ਚੱਲ ਰਹੀ ਕਸ਼ਮਕਸ਼ ਨੂੰ ਪ੍ਰਸ਼ਾਸਨ ਕਿਸ ਤਰ੍ਹਾਂ ਨਾਲ ਹੱਲ ਕਰਦਾ ਹੈ।


Related News