ਆੜ੍ਹਤੀਆਂ ’ਤੇ ਸਿਆਸੀ ਤਸ਼ੱਦਦ ਦੇ ਬਾਵਜੂਦ ਕਿਸਾਨੀ ਸੰਘਰਸ਼ ਦੀ ਹਮਾਇਤ ਜਾਰੀ ਰਹੇਗੀ : ਕਾਲੜਾ

Wednesday, Dec 23, 2020 - 12:35 PM (IST)

ਧੂਰੀ, (ਸੰਜੀਵ)- ਫੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਆਫ਼ ਪੰਜਾਬ ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਨੇ ਅੱਜ ਇਥੇ ਨਵੀਂ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਇਕ ਮੀਟਿੰਗ ’ਚ ਹਿੱਸਾ ਲਿਆ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਕਾਲੜਾ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਾ ਸਦੀਆਂ ਤੋਂ ਨਹੁੰ-ਮਾਸ ਦਾ ਰਿਸ਼ਤਾ ਚੱਲਦਾ ਆ ਰਿਹਾ ਹੈ ਅਤੇ ਹੁਣ ਜਦ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਮਾਰੂ ਕਾਨੂੰਨ ਲਿਆਂਦੇ ਹਨ ਤਾਂ ਸਮੁੱਚਾ ਆੜ੍ਹਤੀਆ ਵਰਗ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ’ਚ ਸਾਥ ਦੇ ਰਿਹਾ ਹੈ। ਇਸ ਲੋਕ ਰੋਹ ਤੋਂ ਬੌਖਲਾਈ ਕੇਂਦਰ ਦੀ ਭਾਜਪਾ ਸਰਕਾਰ ਆਮਦਨ ਕਰ ਵਿਭਾਗ ਤੋਂ ਛਾਪੇਮਾਰੀ ਕਰਵਾ ਕੇ ਆੜ੍ਹਤੀਆਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਹੈ ਪਰ ਭਾਜਪਾ ਸਰਕਾਰ ਦੇ ਅਜਿਹੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ।

ਉਨ੍ਹਾਂ ਕਿਹਾ ਕਿ ਇਸ ਸਿਆਸੀ ਤਸ਼ੱਦਦ ਖਿਲਾਫ਼ 25 ਦਸੰਬਰ ਤੱਕ ਸਮੁੱਚੇ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਪਰ ਜੇਕਰ ਕੇਂਦਰ ਸਰਕਾਰ ਦਾ ਸਿਆਸੀ ਤਸ਼ੱਦਦ ਬੰਦ ਨਾ ਹੋਇਆ ਤਾਂ ਇਸ ਹੜਤਾਲ ਨੂੰ ਅਣਮਿੱਥੇ ਸਮੇਂ ਦੀ ਹੜਤਾਲ ’ਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਮੌਕੇ ਜਗਤਾਰ ਸਿੰਘ ਸਮਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਕੁਮਾਰ ਗਰਗ ਤੋਂ ਇਲਾਵਾ ਅਮਰਜੀਤ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾ ਨ ਸਣੇ ਵੱਡੀ ਗਿਣਤੀ ’ਚ ਆੜ੍ਹਤੀ ਹਾਜ਼ਰ ਸਨ।


Bharat Thapa

Content Editor

Related News