ਕਿਸਾਨ ਅੰਦੋਲਨ ਦੇ ਪੱਖ ’ਚ ਭਾਜਪਾ ਦਾ ਆਲਾ ਨੇਤਾ ਦੇ ਸਕਦੈ ਅਸਤੀਫਾ
Monday, Dec 21, 2020 - 08:07 PM (IST)
ਜਲੰਧਰ, (ਪਾਹਵਾ)–ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਦੀਆਂ ਨਜ਼ਰਾਂ ਤਾਂ ਟਿਕੀਆਂ ਹੀ ਹਨ, ਨਾਲ ਹੀ ਦੁਨੀਆ ਭਰ ਵਿਚ ਇਸ ਅੰਦੋਲਨ ਦੀ ਚਰਚਾ ਚੱਲ ਰਹੀ ਹੈ। ਇਸ ਸਭ ਦਰਮਿਆਨ ਪੰਜਾਬ ਭਾਜਪਾ ਨੂੰ ਲਗਾਤਾਰ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਹਰੀ ਰੋਸ ਦੇ ਨਾਲ-ਨਾਲ ਜੋ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ, ਉਹ ਹੈ ਪੰਜਾਬ ਭਾਜਪਾ ਅੰਦਰ ਪੈਦਾ ਹੋ ਰਿਹਾ ਰੋਸ, ਜਿਸ ਕਾਰਣ ਆਉਣ ਵਾਲੇ ਦਿਨਾਂ ਵਿਚ ਸਮੱਸਿਆ ਹੋਰ ਵਧ ਸਕਦੀ ਹੈ। ਭਾਜਪਾ ਅੰਦਰ ਰੋਸ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਦੇ ਕਿਸਾਨ ਵਿਰੋਧੀ ਰਵੱਈਏ ਕਾਰਣ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਪਾਰਟੀ ਦੇ ਕਈ ਨੇਤਾ ਪਾਰਟੀ ਤੋਂ ਦੂਰ ਹੋ ਚੁੱਕੇ ਹਨ। ਹੁਣ ਖਬਰ ਆਈ ਹੈ ਕਿ ਪੰਜਾਬ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।
ਸੂਬੇ ਵਿਚ ਇਕ ਅਹਿਮ ਅਹੁਦੇ ’ਤੇ ਤਾਇਨਾਤ ਪਾਰਟੀ ਦਾ ਇਕ ਨੇਤਾ ਅਸਤੀਫਾ ਦੇਣ ਦੀ ਤਿਆਰੀ ਵਿਚ ਹੈ। ਫਗਵਾੜਾ ਨਾਲ ਸਬੰਧਤ ਉਕਤ ਨੇਤਾ ਨੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਆਪਣੀ ਸਰਕਾਰ ਖਿਲਾਫ ਪੋਸਟ ਪਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਣ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਪਾਰਟੀ ਨੂੰ ਅਲਵਿਦਾ ਕਹਿ ਸਕਦਾ ਹੈ। ਪਤਾ ਲੱਗਾ ਹੈ ਕਿ ਪਾਰਟੀ ਦੇ ਆਲਾ ਨੇਤਾਵਾਂ ਸਾਹਮਣੇ ਵੀ ਇਹ ਨੇਤਾ ਰੋਸ ਪ੍ਰਗਟਾ ਰਿਹਾ ਹੈ ਅਤੇ ਉਸ ਨੇ ਕਿਸਾਨਾਂ ਦੇ ਅੰਦੋਲਨ ਨੰ ਸਹੀ ਤੇ ਕਿਸਾਨ ਬਿੱਲਾਂ ਨੂੰ ਗਲਤ ਕਰਾਰ ਦਿੱਤਾ ਹੈੈ। ਪਾਰਟੀ ਵਿਚ ਇਸ ਨੇਤਾ ਦੀ ਗੱਲ ਨਹੀਂ ਸੁਣੀ ਜਾ ਰਹੀ, ਜਿਸ ਤੋਂ ਤੰਗ ਆ ਕੇ ਇਸ ਨੇਤਾ ਨੇ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦੇ ਪੱਖ ਵਿਚ ਪੋਸਟ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਨੇਤਾ ਸੂਬੇ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਸੋਮ ਪ੍ਰਕਾਸ਼ ਤੇ ਵਿਜੇ ਸਾਂਪਲਾ ਦਾ ਕਰੀਬੀ ਰਿਹਾ ਹੈ।
ਸੂਬਾ ਇਕਾਈ ਚੁੱਪ
ਪੰਜਾਬ ਵਿਚ ਭਾਜਪਾ ਦੀ ਸੂਬਾ ਇਕਾਈ ਇਸ ਤਰ੍ਹਾਂ ਦੇ ਨੇਤਾਵਾਂ ਨੂੰ ਸੰਤੁਸ਼ਟ ਨਹੀਂ ਕਰ ਸਕਦੀ ਤਾਂ ਆਮ ਲੋਕਾਂ ਤੇ ਕਿਸਾਨਾਂ ਨੂੰ ਕਿਵੇਂ ਸੰਤੁਸ਼ਟ ਕਰ ਸਕੇਗੀ? ਪਾਰਟੀ ਦੇ ਨੇਤਾ ਦਿੱਲੀ ਜਾ ਕੇ ਵੱਡੇ ਨੇਤਾਵਾਂ ਨਾਲ ਬੈਠਕਾਂ ਦਾ ਫੋਟੋ ਸੈਸ਼ਨ ਤਾਂ ਕਰਵਾ ਰਹੇ ਹਨ ਪਰ ਜ਼ਮੀਨੇ ਹਕੀਕਤ ਨੂੰ ਸੰਭਾਲਣ ਵਿਚ ਅਸਫਲ ਸਾਬਤ ਹੋ ਰਹੇ ਹਨ।