ਮੋਹਾਲੀ ਸਟੇਡੀਅਮ 'ਚੋਂ ਪਾਕਿ ਕ੍ਰਿਕਟਰਾਂ ਦੀਆਂ ਹਟਾਈਆਂ ਤਸਵੀਰਾਂ
Sunday, Feb 17, 2019 - 10:22 PM (IST)
ਮੋਹਾਲੀ,(ਨਿਆਮੀਆਂ) : ਹਾਲ ਹੀ 'ਚ ਪਾਕਿਸਤਾਨੀ ਅੱਤਵਾਦੀਆਂ ਵਲੋਂ ਭਾਰਤ ਦੇ ਜਵਾਨਾਂ 'ਤੇ ਕੀਤੇ ਗਏ ਆਤਮਘਾਤੀ ਹਮਲੇ ਕਾਰਨ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਕਾਫੀ ਸਮੇਂ ਤੋਂ ਲੱਗੀਆਂ ਹੋਈਆਂ ਪਾਕਿਸਤਾਨੀ ਖਿਡਾਰੀਆਂ ਨਾਲ ਸਬੰਧਤ ਸਾਰੀਆਂ ਹੀ ਤਸਵੀਰਾਂ ਸਟੇਡੀਅਮ ਤੋਂ ਹਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਬੋਰਡ ਰੂਮ 'ਚ ਇਕ ਖੁੰਜੇ 'ਚ ਉਲਟੀਆਂ ਕਰਕੇ ਰੱਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਜਵਾਨਾਂ 'ਤੇ ਬੇਦਰਦੀ ਨਾਲ ਕੀਤੇ ਗਏ ਇਸ ਹਮਲੇ ਦੀ ਪੂਰੇ ਦੇਸ਼ ਵਲੋਂ ਸਖਤ ਨਿੰਦਿਆਂ ਅਤੇ ਪ੍ਰਤੀਕਰਮ ਪ੍ਰਗਟ ਕੀਤਾ ਜਾ ਰਿਹਾ ਹੈ। ਜਿਥੇ ਆਮ ਜਨਤਾ ਵਲੋਂ ਪਾਕਿਸਤਾਨੀ ਝੰਡੇ ਨੂੰ ਥਾਂ-ਥਾਂ 'ਤੇ ਸਾੜਿਆ ਜਾ ਰਿਹਾ ਹੈ। ਉਥੇ ਪੀ. ਸੀ. ਏ. ਵਲੋਂ ਵੀ ਦੇਸ਼ ਭਗਤੀ ਦਾ ਜਜਬਾ ਦਿਖਾਉਂਦਿਆਂ ਪਾਕਿਸਤਾਨ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਫੋਟੋ ਨੂੰ ਪਰੇ ਵਗਾ ਮਾਰਿਆ ਗਿਆ ਹੈ। ਇਸ ਸਬੰਧੀ ਪੀ. ਸੀ. ਏ. ਆਨਰੇਰੀ ਖਜਾਨਚੀ ਅਜੇ ਤਿਆਗੀ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਲ ਹੀ 'ਚ ਹੋਈਆਂ ਘਟਨਾਵਾਂ ਨੂੰ ਵੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਪਾਕਿਸਤਾਨ ਕਿਸੇ ਵੀ ਸਨਮਾਨ ਦੇ ਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਨਾਂ ਫੋਟੋਆਂ 'ਚ ਪਾਕਿਸਤਾਨ ਦਾ ਨਾਂ ਵੀ ਲਿਖਿਆ ਗਿਆ ਹੈ ਉਹ ਵੀ ਸਟੇਡੀਅਮ 'ਚੋਂ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਟਾਈਆਂ ਗਈਆਂ ਫੋਟੋਆਂ ਦੀ ਥਾਂ 'ਤੇ ਹੋਰ ਨਵੀਆਂ ਫੋਟੋਆਂ ਲਗਾ ਦਿੱਤੀਆਂ ਗਈਆਂ ਹਨ।