ਫੂਡ ਸਪਲਾਈ ਵਿਭਾਗ ਨੇ ਰੋਕਿਆ ਭੁਗਤਾਨ, ਕਿਸਾਨਾਂ ਦਾ ਆਰਥਿਕ ਗ੍ਰਾਫ ਡਾਵਾਂਡੋਲ

Monday, Nov 29, 2021 - 01:46 PM (IST)

ਫੂਡ ਸਪਲਾਈ ਵਿਭਾਗ ਨੇ ਰੋਕਿਆ ਭੁਗਤਾਨ, ਕਿਸਾਨਾਂ ਦਾ ਆਰਥਿਕ ਗ੍ਰਾਫ ਡਾਵਾਂਡੋਲ

ਅੰਮ੍ਰਿਤਸਰ (ਇੰਦਰਜੀਤ) : ਜੰਡਿਆਲਾ ਗੁਰੂ ਦੇ ਸਰਕਾਰੀ ਗੋਦਾਮ ਦਾ 5 ਕਰੋੜ ਦਾ ਘਪਲਾ ਸਾਹਮਣੇ ਆਉਣ ਉਪਰੰਤ ਫੂਡ ਸਪਲਾਈ ਵਿਭਾਗ ਵੱਲੋਂ ਪੇਮੈਂਟ ਨੂੰ ਰੋਕਣ ਕਾਰਨ ਕਿਸਾਨਾਂ ਦਾ ਆਰਥਿਕ ਗ੍ਰਾਫ ਡਾਵਾਂਡੋਲ ਹੋਇਆ ਹੈ। ਇਸ ’ਚ ਜੇਕਰ ਹੋਰ ਦੇਰੀ ਹੋ ਜਾਂਦੀ ਹੈ ਤਾਂ ਸਾਈਡ ਇਫੈਕਟ ਕਈ ਹੋਰ ਲੋਕਾਂ ’ਤੇ ਜਾ ਸਕਦਾ ਹੈ। ਸਿੱਟੇ ਵਜੋਂ ਕਿਸਾਨਾਂ ਦੀ ਅਗਲੀ ਆਉਣ ਵਾਲੀ ਫਸਲ ’ਤੇ ਵੀ ਇਸ ਆਰਥਿਕ ਨੁਕਸਾਨ ਦਾ ਉਲਟਾ ਅਸਰ ਪੈ ਸਕਦਾ ਹੈ। ਹੁਣ ਤੋਂ 15 ਦਿਨ ਪਹਿਲਾਂ ਜੰਡਿਆਲਾ ਗੁਰੂ ਦੇ ਸਰਕਾਰੀ ਗੋਦਾਮ ਤੋਂ ਹਜ਼ਾਰਾਂ ਦੀ ਗਿਣਤੀ ’ਚ ਅਨਾਜ ਦੀਆਂ ਬੋਰੀਆਂ ਘੱਟ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਹੋਈ ਕਾਰਵਾਈ ’ਚ ਚੰਡੀਗੜ੍ਹ ਤੋਂ ਆਈਆਂ ਟੀਮਾਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਇਹ ਕਥਿਤ ਘਪਲਾ 5 ਕਰੋੜ ਦੀ ਵੈਲਿਊ ਦੇ ਨਿਕਲਣ ਦਾ ਅੰਦਾਜਾ ਸੀ। ਪੰਜਾਬ ਸਰਕਾਰ ਦੇ ਹੁਕਮ ’ਤੇ ਇਹ ਜਾਂਚ ਫੂਡ ਸਪਲਾਈ ਵਿਭਾਗ ਦੀ ਵਿਜੀਲੈਂਸ ਤੋਂ ਹੁੰਦੀ ਹੋਈ ਅੰਮ੍ਰਿਤਸਰ ਰੇਂਜ ਦੇ ਵਿਜੀਲੈਂਸ ਬਿਊਰੋ ਤੱਕ ਵੀ ਪਹੁੰਚ ਗਈ। ਇਸ ’ਚ ਬਦਲਦੇ ਘਟਨਾਕ੍ਰਮ ’ਚ ਇਸ ਇਲਾਕੇ ’ਚ ਸਬੰਧਤ ਦੋ ਇੰਸਪੈਕਟਰ ਸਸਪੈਂਡ ਕਰ ਦਿੱਤੇ ਗਏ ਸਨ।

ਪਿਸਣ ਲੱਗੇ ਮਜਬੂਰ ਕਿਸਾਨ 
ਘਪਲੇ ਦਾ ਕਥਿਤ ਮਾਮਲਾ ਸਾਹਮਣੇ ਆਉਣ ਦੇ ਪਹਿਲੇ ਪਡ਼ਾਅ ’ਚ ਹੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਰੀ ਕੀਤੀ ਜਾਣ ਵਾਲੀ ਰਕਮ ਰੋਕ ਦਿੱਤੀ ਗਈ। ਅਨਾਜ ਬਦਲੇ ਦਿੱਤੀ ਜਾਣ ਵਾਲੀ ਰਕਮ ਨੂੰ ਅਦਾ ਕਰਨ ਲਈ ਵਿਭਾਗ ਨੇ ਤਿਆਰੀ ਕਰ ਲਈ ਸੀ ਪਰ ਘਪਲੇ ਦੀ ਚਰਚਾ ਹੁੰਦੇ ਹੀ ਫੂਡ ਸਪਲਾਈ ਵਿਭਾਗ ਦੀ ਹਾਈਕਮਾਨ ਨੇ ਇਨ੍ਹਾਂ ਭੁਗਤਾਨਾਂ ਦੀ ਅਦਾਇਗੀ ਨੂੰ ਰੋਕ ਦਿੱਤਾ ਸੀ।

ਵਿਗੜ ਸਕਦੇ ਆੜ੍ਹਤੀਆਂ ਤੇ ਕਿਸਾਨਾਂ ਦੇ ਰਿਸ਼ਤੇ!
ਇਸ ਮਾਮਲੇ ’ਚ ਜੰਡਿਆਲਾ ਗੁਰੂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜ਼ਾ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸਰਕਾਰ ਨੇ ਭੁਗਤਾਨ ਸਿੱਧਾ ਹੀ ਉਨ੍ਹਾਂ ਦੇ ਖਾਤੇ ’ਚ ਦੇਣਾ ਹੈ । ਇਸ ’ਚ ਕਿਸਾਨ ਬਰਾਬਰ ਆੜ੍ਹਤੀ ਨੂੰ ਸ਼ਿਕਾਇਤ ਕਰਦਾ ਹੈ ਕਿ ਉਸ ਦੀ ਰਕਮ ਕਿਉਂ ਉਸ ਦੇ ਅਕਾਊਂਟ ’ਚ ਨਹੀਂ ਆ ਰਹੀ? ਕਿਉਂਕਿ ਕਿਸਾਨ ਵੱਲੋਂ ਸਰਕਾਰ ਨੂੰ ਦਿੱਤੀ ਗਈ ਫਸਲ ਆੜ੍ਹਤੀ ਰਾਹੀਂ ਹੀ ਜਾਂਦੀ ਹੈ। ਇਸ ’ਚ ਆੜ੍ਹਤੀ ਦੀ ਭੂਮਿਕਾ ਅਨਾਜ ਸਾਫ਼ ਕਰਨਾ ਅਤੇ ਪੈਕ ਕਰਨ ਤੋਂ ਇਲਾਵਾ ਉਸ ਨੂੰ ਵਿਭਾਗ ਤੱਕ ਪਹੁੰਚਾਉਣਾ ਹੁੰਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸਾਨ ਕੋਲ ਰਕਮ ਆਵੇਗੀ, ਉਦੋਂ ਉਨ੍ਹਾਂ ਦੀ ਕਮਿਸ਼ਨ ਮਿਲੇਗੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਕਿਸਾਨ ਵੱਲੋਂ ਆੜ੍ਹਤੀ ਤੋਂ ਰਕਮ ਨਾ ਮਿਲਣ ਦਾ ਇਤਰਾਜ਼ ਕਰਨ ਤੋਂ ਬਾਅਦ ਹੁਣ ਕਿਸਾਨ ਗ਼ੁੱਸੇ ’ਚ ਆ ਗਏ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਅਤੇ ਆੜ੍ਹਤੀਆਂ ਦੇ ਰਿਸ਼ਤੇ ਵਿਗੜਣਗੇ। ਉਨ੍ਹਾਂ ਨੇ ਫੂਡ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਰਕਮ ਦੀ ਅਦਾਇਗੀ ਜਲਦੀ ਕੀਤੀ ਜਾਵੇ ।

ਕਈ ਦੂਜੇ ਵਪਾਰ ਵੀ ਹੋ ਰਹੇ ਪ੍ਰਭਾਵਿਤ
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭੁਗਤਾਨ ਨਾ ਹੋਣ ਕਾਰਨ ਕਿਸਾਨਾਂ ਲਈ ਵੱਡੀ ਸਮੱਸਿਆਵਾਂ ਆ ਰਹੀਆਂ ਹਨ। ਪੈਸੇ ਆਉਣ ਉਪਰੰਤ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਤੋਂ ਉਧਾਰ ਲਿਆ ਹੁੰਦਾ ਹੈ, ਉਨ੍ਹਾਂ ਨੂੰ ਰਕਮ ਦਾ ਭੁਗਤਾਨ ਲੇਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਫਸਲ ਲਈ ਮਟੀਰੀਅਲ ਦੀ ਖਰੀਦਦਾਰੀ, ਰਾਸ਼ਨ, ਕੱਪਡ਼ੇ ਤੇ ਹੋਰ ਜ਼ਰੂਰੀ ਚੀਜਾਂ ਦੇ ਭੁਗਤਾਨਾਂ ਲਈ ਵੀ ਉਨ੍ਹਾਂ ਨੂੰ ਦੁਕਾਨਦਾਰਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਲਈ ਸਮੇਂ ਦੀ ਲੋਡ਼ ਹੈ ਕਿ ਕਿਸਾਨਾਂ ਨੂੰ ਫੂਡ ਸਪਲਾਈ ਵਿਭਾਗ ਉਨ੍ਹਾਂ ਦਾ ਦਿੱਤਾ ਜਾਣ ਵਾਲਾ ਭੁਗਤਾਨ ਜਲਦੀ ਹੀ ਉਨ੍ਹਾਂ ਦੇ ਅਕਾਊਂਟ ’ਚ ਅਦਾ ਕਰੇ। ਇਸ ਸਬੰਧ ’ਚ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਰਾਜਰਿਸ਼ੀ ਮਹਿਰਾ ਨਾਲ ਸੰਪਰਕ ਨਹੀਂ ਹੋ ਸਕਿਆ ।


author

Anuradha

Content Editor

Related News