ਸੰਗਤ ਲਾਪਤਾ ਹੋਏ ਪਾਵਨ ਸਰੂਪਾਂ ਦਾ ਹਿਸਾਬ ਮੰਗ ਰਹੀ: ਸੁਖਦੇਵ ਸਿੰਘ ਢੀਂਡਸਾ
Tuesday, Sep 15, 2020 - 06:00 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਅੰਮ੍ਰਿਤਸਰ ਵਿਖੇ ਸ਼ਾਤਮਈ ਧਰਨੇ ਉੱਪਰ ਬੈਠੀ ਸੰਗਤ 'ਤੇ ਹਮਲਾ ਕਰਨ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸ੍:ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਜਾਰੀ ਕਰਦਿਆਂ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੌਹਲ ਨੇ ਕਿਹਾ ਕਿ ਲਾਪਤਾ ਹੋਏ ਸੀ੍ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਪੜਤਾਲ ਕਰਕੇ ਅਸਲ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੇ ਪੂਰੀ ਸੱਚਾਈ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸ਼ਾਤਮਈ ਧਰਨਾ ਦੇ ਰਹੀਆਂ ਸੰਗਤਾਂ ਤੇ ਇਸ ਧਰਨੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਉੱਪਰ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਬਿਨ੍ਹਾਂ ਵਜਹਾ ਹਮਲਾ ਕਰ ਦਿੱਤਾ ਤਾਂ ਕਿ ਧਰਨਾ ਉਠਾਇਆ ਜਾ ਸਕੇ।
ਇਹ ਵੀ ਪੜ੍ਹੋ: ਦੁਖਦਾਇਕ ਘਟਨਾ: ਸੜਕ ਹਾਦਸੇ 'ਚ 4 ਸਾਲਾ ਬੱਚੇ ਦੀ ਮੌਤ
ਢੀਂਡਸਾ ਨੇ ਕਿਹਾ ਕਿ ਇਹ ਕਾਰਨਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਹਿ 'ਤੇ ਹੋਇਆ ਜੋ ਉਸਦੀ ਬੁਖਲਾਹਟ ਦਾ ਨਤੀਜਾ ਹੈ ।ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਮੰਗ ਕਰਦਾ ਹੈ ਕਿ ਹਮਲਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਨੇ ਹਰ ਸਿੱਖ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।ਇਸ ਦਾ ਸਿੱਖ ਜਗਤ ਅੰਦਰ ਵਿਆਪਕ ਰੋਸ ਹੈ। ਸੰਗਤ ਲਾਪਤਾ ਹੋਏ ਪਾਵਨ ਸਰੂਪਾਂ ਦਾ ਹਿਸਾਬ ਮੰਗ ਰਹੀ ਹੈ ਜੋ ਹਰ ਸਿੱਖ ਦਾ ਹੱਕ ਵੀ ਹੈ।ਧਰਨੇ ਉਪਰ ਬੈਠੀ ਸੰਗਤ ਸਿੱਖ ਪੰਥ ਦੀ ਆਵਾਜ਼ ਹੈ।ਇਹ ਆਵਾਜ਼ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ ਉੱਠੀ ਹੈ ਤਾਂ ਕਿ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਘਟਨਾ ਵਿੱਚੋਂ ਉਪਜੇ ਦਰਦ ਨੂੰ ਘਟਾਇਆ ਜਾ ਸਕੇ।ਸ੍:ਢੀਂਡਸਾ ਨੇ ਸ਼੍ਰੋਮਣੀ ਕਮੇਟੀ ਉੱਪਰ ਕਾਬਜ ਆਗੂਆਂ ਤੇ ਪਦਵੀਆਂ 'ਤੇ ਬੈਠੇ ਵਿਅਕਤੀਆਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਪੰਥ ਦੀ ਆਵਾਜ਼ ਨੂੰ ਦਬਾਉਣ ਦੇ ਕੋਝੇ ਕਾਰਨਾਮਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਨਾਲ ਮੌਤ