ਪਹਿਲੀ ਵਾਰ ਕਿਸੇ ਖੇਤਰੀ ਪਾਰਟੀ ਨੇ ਦਲਿਤ ਚਿਹਰੇ ਨੂੰ ਡਿਪਟੀ CM ਬਣਾਉਣ ਦਾ ਕੀਤਾ ਵਾਅਦਾ: ਪਵਨ ਕੁਮਾਰ ਟੀਨੂੰ
Thursday, Apr 15, 2021 - 05:17 PM (IST)
ਜਲੰਧਰ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤ ਚਿਹਰੇ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਮਗਰੋਂ ਸਿਆਸੀ ਹਲਕਿਆਂ ’ਚ ਦਲਿਤ ਵੋਟ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ। ਜਿੱਥੇ ਇਕ ਪਾਸੇ ਕੈਪਟਨ ਨੇ ਸੁਖਬੀਰ ਦੇ ਬਿਆਨ ਨੂੰ ਦਲਿਤ ਭਾਈਚਾਰੇ ਨੂੰ ਲੁਭਾਉਣ ਲਈ ਸਿਰਫ਼ ਇਕ ਸਿਆਸੀ ਡਰਾਮਾ ਦੱਸਿਆ ਤਾਂ ਦੂਜੇ ਪਾਸੇ ਭਾਜਪਾ ਨੇ ਡਿਪਟੀ ਸੀ. ਐੱਮ. ਦੀ ਜਗ੍ਹਾ ਸੀ. ਐੱਮ. ਦੇ ਚਿਹਰੇ ਦੀ ਮੰਗ ਨੂੰ ਲੈ ਕ ਸੁਖਬੀਰ ਦੇ ਬਿਆਨ ’ਤੇ ਸਵਾਲ ਚੁੱਕੇ ਹਨ।
ਇਸ ਬਿਆਨ ਮਗਰੋਂ ਅਕਾਲੀ ਦਲ ਦੋਆਬਾ ਖੇਤਰ ਦੀ ਰਾਜਨੀਤੀ ਵੀ ਗਰਮਾ ਗਈ ਹੈ, ਕਿਉਂਕਿ ਦੋਆਬਾ ਖੇਤਰ ਨੂੰ ਦਲਿਤ ਵੋਟ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਦਾ ਹੈ। ਇਸੇ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫੰਰਸ ਕਰਕੇ ਕਾਂਗਰਸ ’ਤੇ ਨਿਸ਼ਾਨੇ ਸਾਧੇ ਗਏ ਹਨ।
ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸੁਖਬੀਰ ਵੱਲੋਂ ਡਿਪਟੀ ਸੀ. ਐੱਮ. ਲਈ ਦਲਿਤ ਚਿਹਰਾ ਐਲਾਨਣ ਦੇ ਕੀਤੇ ਵਾਅਦੇ ਨੂੰ ਲੈ ਕੇ ਪਾਰਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਖੇਤਰੀ ਪਾਰਟੀ ਨੇ ਦਲਿਤ ਵਰਗ ਦਾ ਉੱਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ। ਦਲਿਤ ਵਰਗ ਨੂੰ ਉੱਪਰ ਚੁੱਕਣ ਲਈ ਅਕਾਲੀ ਦਲ ਲਗਾਤਾਰ ਯਤਨ ਕਰ ਰਿਹਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਆਦਮਪੁਰ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਨੇ ਦਲਿਤਾਂ ਨੂੰ ਸਨਮਾਨ ਨਹੀਂ ਦਿੱਤਾ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿਚ ਅਕਾਲੀ ਦਲ ਸਰਕਾਰ ਆਉਣ ਤੋਂ ਬਾਅਦ ਦਲਿਤ ਡਿਪਟੀ ਸੀ. ਐੱਮ. ਬਣਾਉਣ ਦਾ ਫੈਸਲਾ ਇਤਿਹਾਸਕ ਹੈ ਕਿਉਂਕਿ ਕਾਂਗਰਸ ਵੱਲੋਂ ਆਜ਼ਾਦੀ ਦੇ ਸਮੇਂ ਤੋਂ ਹੀ ਦਲਿਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਗਿਆ ਅਤੇ ਉਨ੍ਹਾਂ ਨਾਲ ਬੁਰਾ ਵਰਤਾਅ ਕੀਤਾ ਗਿਆ।
ਟੀਨੂੰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ ਇਕ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਵਿਚ ਘਪਲਾ ਕਰਨ ਤੋਂ ਬਾਅਦ ਦੋਬਾਰਾ ਜਾਂਚ ਕਰਵਾ ਕੇ ਆਪਣੇ ਮੰਤਰੀ ਨੂੰ ਕੁਝ ਹੀ ਦਿਨਾਂ ਵਿਚ ਮੁੱਖ ਮੰਤਰੀ ਵੱਲੋਂ ਕਲੀਨ ਚਿੱਟ ਦੇਣਾ ਕਾਂਗਰਸ ਦੀ ਦਲਿਤਾਂ ਪ੍ਰਤੀ ਸੋਚ ਨੂੰ ਦਰਸਾਉਂਦਾ ਹੈ।ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਵੋਟਾਂ ਹਾਸਲ ਕੀਤੀਆਂ ਹਨ। ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ’ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਹੁਣ ਪੰਜਾਬ ਵਿਚੋਂ ਸੂਪੜਾ ਸਾਫ਼ ਹੋ ਜਾਵੇਗਾ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਯੂ. ਪੀ. ਵਿਚ ਵੀ ਦਲਿਤ ਭਾਈਚਾਰੇ ਦੀ ਬਹੁ-ਗਿਣਤੀ ਹੈ, ਉਥੇ ਉਹ ਕਿਉਂ ਨਹੀਂ ਦਲਿਤ ਸੀ. ਐੱਮ. ਬਣਾਉਂਦੀ। ਇਸ ਮੌਕੇ ਵਿਧਾਇਕ ਬਲਦੇਵ ਖਹਿਰਾ, ਸੀਨੀਅਰ ਆਗੂ ਚੰਦਨ ਗਰੇਵਾਲ, ਪਰਮਜੀਤ ਸਿੰਘ ਰੇਰੂ, ਹੰਸਰਾਜ ਰਾਣਾ, ਕੀਮਤੀ ਭਗਤ, ਭਜਨ ਲਾਲ ਚੋਪੜਾ ਆਦਿ ਵੀ ਹਾਜ਼ਰ ਸਨ।