ਗੁਰੂ ਦੇ ਸੱਚੇ ਸਿੱਖ ਨੇ ਚੁੱਕਿਆ ਕੋਰੋਨਾ ਮ੍ਰਿਤਕਾਂ ਦੇ ਸੰਸਕਾਰ ਦਾ ਬੀੜਾ, ਇੰਝ ਨਿਭਾ ਰਿਹੈ ਸੇਵਾ
Sunday, May 24, 2020 - 12:46 PM (IST)

ਅੰਮ੍ਰਿਤਸਰ (ਸੁਮਿਤ) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਕੋਰੋਨਾ ਯੋਧਿਆਂ ਨੇ ਲੋਕਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾਈ ਹੋਈ ਹੈ। ਇਨ੍ਹਾਂ ਯੋਧਿਆਂ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਜਨਤਾ ਨੂੰ ਕੋਰੋਨਾ ਦੇ ਖਤਰੇ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਵੀ ਗੁਰੂ ਦੇ ਸੱਚੇ ਸਿੱਖ ਪਟਵਾਰੀ ਕਰਤਾਰ ਸਿੰਘ ਵੀ ਕੋਰੋਨਾ ਯੋਧੇ ਵੱਜੋਂ ਉੱਭਰ ਕੇ ਸਾਹਮਣੇ ਆਏ ਹਨ। ਜਿਨ੍ਹਾਂ ਕੋਰੋਨਾਂ ਪੀੜਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਵੀ ਹੱਥ ਨਹੀਂ ਪਾਉਂਦੇ, ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਦਾ ਬੀੜਾ ਪਟਵਾਰੀ ਕਰਤਾਰ ਸਿੰਘ ਨੇ ਚੁੱਕਿਆ ਹੈ।
ਇਸ ਬਾਰੇ ਪਟਵਾਰੀ ਕਰਤਾਰ ਸਿੰਘ ਨੇ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਕਾਰਨ ਮੌਤ ਦੇ ਮੂੰਹ 'ਚ ਗਏ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੀ ਸਰਕਾਰੀ ਡਿਊਟੀ ਲੱਗੀ ਸੀ ਤਾਂ ਉਨ੍ਹਾਂ ਦੇਖਿਆ ਕਿ ਕੋਈ ਵੀ ਵਿਅਕਤੀ ਭਾਈ ਨਿਰਮਲ ਸਿੰਘ ਜੀ ਦੇ ਸਰੀਰ ਨੂੰ ਹੱਥ ਤੱਕ ਨਹੀਂ ਲਾ ਰਿਹਾ ਹੈ। ਇਸ ਦੌਰਾਨ ਇਕ ਸੱਚਾ ਸਿੱਖ ਹੋਣ ਦੇ ਨਾਤੇ ਉਨ੍ਹਾਂ ਦੇ ਮਨ 'ਚ ਇਹ ਗੱਲ ਆਈ ਕਿ ਭਾਈ ਨਿਰਮਲ ਸਿੰਘ ਜੀ ਦਾ ਅੰਤਿਮ ਸੰਸਕਾਰ ਉਹ ਖੁਦ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨੌਕਰੀ ਦੇ ਨਿਯਮ ਨੂੰ ਵੀ ਪਿੱਛੇ ਰੱਖਦੇ ਹੋਏ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਭਵਿੱਖ 'ਚ ਵੀ ਇਹੀ ਕੰਮ ਕਰਨਗੇ ਤਾਂ ਜੋ ਕੋਰੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਨਾ ਰੁਲ੍ਹਣ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਟਵਾਰੀ ਕਰਤਾਰ ਸਿੰਘ 5 ਕੋਰੋਨਾ ਪੀੜਤ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਹਨ। ਇਸ ਦੇ ਲਈ ਉਹ ਆਪਣੇ ਪੈਸਿਆਂ ਨਾਲ ਪੀ. ਪੀ. ਈ. ਕਿੱਟਾਂ ਖਰੀਦਦੇ ਹਨ ਅਤੇ ਮ੍ਰਿਤਕਾਂ ਦੇ ਸੰਸਕਾਰ ਦੀ ਜੋ ਰਸਮ ਹੁੰਦੀ ਹੈ, ਉਸ ਨੂੰ ਖੁਦ ਪੂਰਾ ਕਰਦੇ ਹਨ। ਪਟਵਾਰੀ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਵਰਗੀ ਬੀਮਾਰੀ ਨਾਲ ਲੜਨ ਦੀ ਲੋੜ ਹੈ, ਭੱਜਣ ਦੀ ਨਹੀਂ।