ਵਿਜੀਲੈਂਸ ਨੇ ਜ਼ਮੀਨ ਦਾ ਇੰਤਕਾਲ ਕਰਵਾਉਣ ਬਦਲੇ ਰਿਸ਼ਵਤ ਲੈਦਿਆਂ ਪਟਵਾਰੀ ਤੇ ਉਸ ਦੇ ਚੇਲੇ ਨੂੰ ਕੀਤਾ ਗ੍ਰਿਫ਼ਤਾਰ
Monday, Mar 06, 2023 - 06:22 PM (IST)
ਭਵਾਨੀਗੜ੍ਹ (ਵਿਕਾਸ) : ਵਿਜੀਲੈਂਸ ਵਿਭਾਗ ਦੀ ਟੀਮ ਨੇ ਮਕਾਨ ਦਾ ਇੰਤਕਾਲ ਦਰਜ ਕਰਨ ਬਦਲੇ 2500 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਤੇ ਉਸਦੇ 'ਚੇਲੇ' ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 'ਆਪ' ਦੇ ਸਥਾਨਕ ਵਾਰਡ ਇੰਚਾਰਜ ਅਜੀਤ ਸਿੰਘ ਉਰਫ ਜੋਨੀ ਪੁੱਤਰ ਜਸਪਾਲ ਸਿੰਘ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ, ਜੋ ਆਪਣੇ ਘਰ ਵਿਖੇ ਹੀ ਕੱਪੜੇ ਪ੍ਰੈਸ ਤੇ ਡਰਾਈਕਲੀਨ ਕਰਨ ਦਾ ਕੰਮ ਕਰਦਾ ਹੈ, ਦੇ ਪਿਤਾ ਦੀ ਸਾਲ 1995 'ਚ ਮੌਤ ਹੋ ਗਈ ਸੀ। ਮਕਾਨ ਦੀ ਮਾਲਕੀ ਉਸ ਦੇ ਪਿਤਾ ਦੇ ਨਾਮ 'ਤੇ ਸੀ ਅਤੇ ਵਿਰਾਸਤ ਦਾ ਇੰਤਕਾਲ ਕਰਵਾਉਣ ਲਈ ਉਹ ਪਟਵਾਰੀ ਸੁਮਨਦੀਪ ਸਿੰਘ ਮਾਲ ਹਲਕਾ ਭਵਾਨੀਗੜ੍ਹ ਨੂੰ ਉਸ ਦੇ ਦਫ਼ਤਰ ਵਿਖੇ ਕਰੀਬ 12-13 ਦਿਨ ਪਹਿਲਾਂ ਮਿਲਿਆ ਸੀ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਪਤਨੀ ਨੂੰ ਦਿੱਤੀ ਖ਼ੌਫਨਾਕ ਸਜ਼ਾ, ਕੁਹਾੜੀ ਨਾਲ ਵੱਢ ਕੇ ਕੀਤਾ ਕਤਲ
ਉਸਨੇ ਜ਼ਮੀਨ ਦਾ ਇੰਤਕਾਲ ਕਰਵਾਉਣ ਸਬੰਧੀ ਲੋੜੀਂਦੇ ਦਸਤਾਵੇਜ਼ ਪਟਵਾਰੀ ਨੂੰ ਦੇ ਦਿੱਤੇ ਸਨ। ਅਜੀਤ ਸਿੰਘ ਦੇ ਮੁਤਾਬਕ ਪਟਵਾਰੀ ਦੇ ਚੇਲੇ ਨਰਿੰਦਰਪਾਲ ਸਿੰਘ ਨੇ ਕੁਰਸੀਨਾਮਾ ਕਲਮੀ ਤਿਆਰ ਕਰ ਦਿੱਤਾ ਸੀ ਤੇ ਇਸ ਉਪਰੰਤ ਪਟਵਾਰੀ ਸੁਮਨਦੀਪ ਸਿੰਘ ਨੇ ਉਸਨੂੰ ਗੱਲਾਂ-ਗੱਲਾ 'ਚ ਕਿਹਾ ਕਿ ਜੇਕਰ ਇੰਤਕਾਲ ਮਨਜੂਰ ਕਰਵਾਉਣਾ ਹੈ ਤਾਂ ਉਸ ਨੂੰ ਉਨ੍ਹਾਂ ਦਾ ਸੇਵਾ ਪਾਣੀ ਕਰਨਾ ਪਵੇਗਾ।
ਇਹ ਵੀ ਪੜ੍ਹੋ- ਵਿਧਾਨ ਸਭਾ 'ਚ CM ਮਾਨ ਦੇ ਬਿਆਨ 'ਤੇ ਭੜਕੇ ਕਾਂਗਰਸੀ, ਰਾਜਪਾਲ ਨੂੰ ਮਿਲਣ ਲਈ ਮੰਗਿਆ ਸਮਾਂ
ਸ਼ਿਕਾਇਤਕਰਤਾ ਮੁਤਾਬਕ ਪਟਵਾਰੀ ਦੇ ਚੇਲੇ ਨੰਰਿਦਰਪਾਲ ਸਿੰਘ ਨੇ ਉਸ ਦਾ ਕੰਮ ਕਰਵਾਉਣ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਵੱਲੋਂ ਨਾ ਨੁੱਕਰ ਕਰਨ 'ਤੇ ਨਰਿੰਦਰਪਾਲ ਸਿੰਘ ਨੇ ਉਸਨੂੰ 2500 ਰੁਪਏ ਲੈ ਕੇ ਆਉਣ ਲਈ ਕਿਹਾ। ਜਿਸ ਸਬੰਧੀ ਸੋਮਵਾਰ ਨੂੰ ਜਗਪ੍ਰੀਤ ਸਿੰਘ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਪਟਿਆਲਾ ਦੇ ਨਿਰਦੇਸ਼ਾਂ 'ਤੇ ਪਰਮਿੰਦਰ ਸਿੰਘ ਉਪ ਕਪਤਾਨ ਵਿਜੀਲੈਸ ਬਿਊਰੋ ਸੰਗਰੂਰ ਦੀਆਂ ਹਦਾਇਤਾਂ 'ਤੇ ਇੰਸਪੈਕਟਰ ਰਮਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਟਰੈਪ ਲਗਾ ਕੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸੁਮਨਦੀਪ ਸਿੰਘ ਪਟਵਾਰੀ ਮਾਲ ਹਲਕਾ ਭਵਾਨੀਗੜ੍ਹ ਤੇ ਉਸ ਦੇ ਚੇਲੇ ਨੂੰ ਸ਼ਿਕਾਇਤਕਰਤਾ ਕੋਲੋਂ ਉਸ ਦੇ ਮਕਾਨ ਦਾ ਇੰਤਕਾਲ ਦਰਜ ਕਰਨ ਬਦਲੇ 2500 ਰੁਪਏ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਰੰਗੀ ਹੱਥ ਗ੍ਰਿਫ਼ਤਾਰ ਕੀਤਾ ਗਿਆ। ਵਿਭਾਗ ਵੱਲੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।