ਪਟਿਆਲਾ : ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਹਰਜੀਤ ਦੀ ਵਿਗੜੀ ਹਾਲਤ

Wednesday, Mar 24, 2021 - 05:57 PM (IST)

ਪਟਿਆਲਾ : ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਹਰਜੀਤ ਦੀ ਵਿਗੜੀ ਹਾਲਤ

ਪਟਿਆਲਾ (ਜੋਸਨ)- ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀ. ਐੱਸ. ਐੱਨ. ਐੱਲ. ਟਾਵਰ ’ਤੇ ਲਗਾਤਾਰ 4 ਦਿਨਾਂ ਤੋਂ ਭੁੱਖੇ-ਪਿਆਸੇ ਬੈਠੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ’ਚੋਂ ਇਕ ਹਰਜੀਤ ਮਾਨਸਾ ਦੀ ਹਾਲਤ ਵਿਗੜ ਗਈ ਹੈ। ਦੋਵੇਂ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਲਗਾਤਾਰ 2 ਦਿਨ-ਰਾਤ ਮੀਂਹ ਤੇ ਤੇਜ਼ ਹਵਾਵਾਂ ਚੱਲਣ ਕਾਰਣ ਟਾਵਰ ’ਤੇ ਬੈਠੇ ਹਨ, ਜਿਸ ਕਾਰਣ ਹਰਜੀਤ ਮਾਨਸਾ ਨੂੰ ਅੱਜ ਸਵੇਰੇ ਤੇਜ਼ ਬੁਖ਼ਾਰ ਚੜ੍ਹ ਗਿਆ। ਦੁਪਹਿਰ ਤੋਂ ਬਾਅਦ ਹਰਜੀਤ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਪਾਣੀ ਪੀਣ ਉਪਰੰਤ ਵੀ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹਰਜੀਤ ਦੀ ਸਿਹਤ ਵਿਗੜਨ ਦੇ ਬਾਰੇ ਪਤਾ ਲੱਗਣ ਤੋਂ ਬਾਅਦ ਜਦੋਂ ਪ੍ਰਸ਼ਾਸਨ ਵੱਲੋਂ ਰਾਬਤਾ ਕਾਇਮ ਕਰ ਕੇ ਹਰਜੀਤ ਨੂੰ ਦਵਾਈ ਲੈਣ ਲਈ ਕਿਹਾ ਤਾਂ ਉਸ ਨੇ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਮਹਿਕਮੇ ’ਚ ਵੱਡਾ ਫੇਰ-ਬਦਲ, ਕਈ ਅਫ਼ਸਰਾਂ ਦੇ ਤਬਾਦਲੇ

ਇਸ ਮੌਕੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਪੰਜਾਬ ਸਰਕਾਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਅਸੀਂ ਟਾਵਰ ਉੱਪਰ ਡਟੇ ਰਹਾਂਗੇ। ਜੇਕਰ ਟਾਵਰ ਉੱਪਰ ਬੈਠਿਆਂ ਦੌਰਾਨ ਸਾਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗਾ। ਉਨ੍ਹਾਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਈ. ਟੀ. ਟੀ. ਦੀਆਂ 2364 ਅਸਾਮੀਆਂ ਵੇਲੇ ਪਹਿਲ ਦੇ ਅਧਾਰ ’ਤੇ ਈ. ਟੀ. ਟੀ. ਟੈੱਟ ਪਾਸ ਉਮੀਦਵਾਰਾਂ ਨੂੰ ਵਿਚਾਰਿਆ ਜਾਵੇ, 10000 ਈ. ਟੀ. ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਸਿੱਖਿਆ ਪ੍ਰੋਵਾਈਡਰ ਤੇ ਵਾਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਈ ਜਾਵੇ, ਉਚੇਰੀ ਯੋਗਤਾ ਦੇ ਨੰਬਰਾਂ ਦੀ ਸ਼ਰਤ ਹਟਾਈ ਜਾਵੇ ਅਤੇ ਉਮਰ ਹੱਦ ’ਚ ਛੋਟ ਦਿੱਤੀ ਜਾਵੇ।


author

Gurminder Singh

Content Editor

Related News