ਪਟਿਆਲਾ ਪੁਲਸ ਨੇ ਲਾਪਤਾ 2 ਬੱਚਿਆਂ ਦੇ ਵੇਰਵੇ ਕੀਤੇ ਜਾਰੀ

Thursday, Jul 25, 2019 - 11:39 AM (IST)

ਪਟਿਆਲਾ ਪੁਲਸ ਨੇ ਲਾਪਤਾ 2 ਬੱਚਿਆਂ ਦੇ ਵੇਰਵੇ ਕੀਤੇ ਜਾਰੀ

ਪਟਿਆਲਾ (ਬਲਜਿੰਦਰ)—ਪਟਿਆਲਾ ਪੁਲਸ ਨੇ 22 ਜੁਲਾਈ ਦੀ ਦੇਰ ਸ਼ਾਮ 8.30 ਵਜੇ ਪਿੰਡ ਖੇੜੀ ਗੰਡਿਆਂ ਤੋਂ ਅਚਾਨਕ ਲਾਪਤਾ ਹੋਏ 2 ਬੱਚਿਆਂ ਦੀਆਂ ਤਸਵੀਰਾਂ ਅਤੇ ਵੇਰਵੇ ਜਾਰੀ ਕਰ ਕੇ ਇਨ੍ਹਾਂ ਦਾ ਪਤਾ ਲੱਗਣ ਦੀ ਸੂਰਤ 'ਚ ਸੂਚਨਾ ਤੁਰੰਤ ਪੁਲਸ ਨੂੰ ਦੇਣ ਦੀ ਅਪੀਲ ਕੀਤੀ ਹੈ। ਪਟਿਆਲਾ ਪੁਲਸ ਦੇ ਬੁਲਾਰੇ ਅਨੁਸਾਰ ਪਿੰਡ ਖੇੜੀ ਗੰਡਿਆਂ ਦੇ ਵਾਸੀ ਦੀਦਾਰ ਸਿੰਘ ਦੇ 2 ਪੁੱਤਰਾਂ 10 ਸਾਲਾ ਜਸ਼ਨਦੀਪ ਸਿੰਘ ਅਤੇ ਉਸ ਦੇ ਛੋਟੇ ਭਰਾ 6 ਸਾਲਾ ਹਸਨਦੀਪ ਸਿੰਘ ਦੇ ਗੁੰਮ ਹੋਣ ਦੀ ਸੂਚਨਾ ਮੁਤਾਬਕ ਥਾਣਾ ਖੇੜੀ ਗੰਡਿਆਂ ਵਿਖੇ ਮੁਕੱਦਮਾ ਨੰਬਰ 67 ਮਿਤੀ 23. 7. 2019 ਤਹਿਤ ਦਰਜ ਕਰ ਲਿਆ ਗਿਆ ਸੀ। ਇਹ ਦੋਵੇਂ ਬੱਚੇ ਘਰੋਂ ਕੋਲਡ ਡਰਿੰਕ ਲੈਣ ਪਿੰਡ ਦੀ ਦੁਕਾਨ 'ਤੇ ਗਏ ਸਨ ਪਰ ਹੁਣ ਤੱਕ ਆਪਣੇ ਘਰ ਵਾਪਸ ਨਹੀਂ ਪੁੱਜੇ।

ਪਤਾ ਚੱਲਦੇ ਹੀ ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

ਪੁਲਸ ਬੁਲਾਰੇ ਮੁਤਾਬਕ ਇਨ੍ਹਾਂ ਦੋਵਾਂ ਦੀ ਸੂਚਨਾ ਜਾਂ ਇਨ੍ਹਾਂ ਦਾ ਕੋਈ ਥਹੁ-ਟਿਕਾਣਾ ਪਤਾ ਲੱਗਣ 'ਤੇ ਇਸ ਦੀ ਸੂਚਨਾ ਡੀ. ਐੱਸ. ਪੀ. ਘਨੌਰ ਦੇ ਮੋਬਾਇਲ ਨੰਬਰ 9915190863, ਐੱਸ. ਐੱਚ. ਓ. ਖੇੜੀ ਗੰਡਿਆਂ ਦੇ ਮੋਬਾਇਲ ਨੰਬਰ 9592919336 ਅਤੇ 9592999202, ਇੰਚਾਰਜ ਸੀ. ਆਈ. ਏ. ਪਟਿਆਲਾ ਦੇ ਮੋਬਾਇਲ ਨੰਬਰ 9592912444 ਅਤੇ ਪਟਿਆਲਾ ਪੁਲਸ ਦੇ ਕੰਟਰੋਲ ਰੂਮ ਦੇ ਫੋਨ ਨੰਬਰ 9592912500 'ਤੇ ਦਿੱਤੀ ਜਾ ਸਕਦੀ ਹੈ।
ਬੁਲਾਰੇ ਮੁਤਾਬਕ ਪਟਿਆਲਾ ਪੁਲਸ ਨੇ ਦੋਵਾਂ ਬੱਚਿਆਂ ਦੀ ਭਾਲ ਹਿਤ ਆਪਣੀਆਂ ਵੱਖ-ਵੱਖ ਟੀਮਾਂ ਲਾਈਆਂ ਹੋਈਆਂ ਹਨ। ਪੁਲਸ ਇਨ੍ਹਾਂ ਨੂੰ ਲੱਭਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਇਨ੍ਹਾਂ ਬੱਚਿਆਂ ਦੀ ਸੂਚਨਾ ਭਾਰਤ ਸਰਕਾਰ ਦੇ 'ਟ੍ਰੈਕ ਦਾ ਮਿਸਿੰਗ ਚਾਇਲਡ' ਵਾਲੇ ਨੈਸ਼ਨਲ ਟ੍ਰੈਕਿੰਗ ਸਿਸਟਮ 'ਤੇ ਵੀ ਪਾ ਦਿੱਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਦੇ ਗੁੰਮ ਹੋਣ ਦੀ ਜਾਣਕਾਰੀ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਸਮੇਤ ਰਾਜ ਦੇ ਸਾਰੇ ਪੁਲਸ ਕਮਿਸ਼ਨਰਜ਼, ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਐੱਸ. ਐੱਸ. ਪੀਜ਼ ਸਮੇਤ ਪਟਿਆਲਾ ਜ਼ਿਲੇ ਅਤੇ ਪੂਰੇ ਦੇਸ਼ ਦੇ ਐੱਸ. ਐੱਚ. ਓਜ਼ ਨੂੰ ਭੇਜਦਿਆਂ ਇਨ੍ਹਾਂ ਦਾ ਪਤਾ ਲੱਗਣ 'ਤੇ ਇਹ ਸੂਚਨਾ ਤੁਰੰਤ ਪਟਿਆਲਾ ਪੁਲਸ ਨਾਲ ਸਾਂਝੀ ਕਰਨ ਦਾ ਸੁਨੇਹਾ ਵੀ ਜਾਰੀ ਕੀਤਾ ਗਿਆ ਹੈ।


author

Shyna

Content Editor

Related News