ਫਾਦਰ ਐਂਥਨੀ ਦੇ ਗਾਇਬ ਹੋਏ ਪੈਸਿਆਂ ਦੇ ਮਾਮਲੇ ''ਚ 5 ਹੋਰ ਗ੍ਰਿਫਤਾਰ, 2.38 ਕਰੋੜ ਰੁਪਏ ਬਰਾਮਦ
Thursday, May 02, 2019 - 09:47 PM (IST)

ਪਟਿਆਲਾ,(ਬਲਜਿੰਦਰ) : ਜਲੰਧਰ ਦੇ ਫਾਦਰ ਐਂਥਨੀ ਦੇ ਗਾਇਬ ਹੋਏ ਪੈਸਿਆਂ ਦੇ ਮਾਮਲੇ 'ਚ 5 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਟਿਆਲਾ ਪੁਲਸ ਵਲੋਂ 2.38 ਕਰੋੜ ਰੁਪਏ ਵੀ ਬਰਾਮਦ ਕੀਤੇ ਗਏ ਹਨ। ਫਾਦਰ ਐਂਥਨੀ ਦੇ ਪੈਸਿਆਂ ਨੂੰ ਲੈ ਕੇ ਗਾਇਬ ਹੋਏ ਪਟਿਆਲਾ ਪੁਲਸ ਦੇ ਦੋਨੋ ਏ. ਐਸ. ਆਈ. ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਦੀ ਪੁੱਛ ਗਿੱਛ ਤੋਂ ਬਾਅਦ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪਟਿਆਲਾ ਪੁਲਸ ਨੇ ਆਪ੍ਰੇਸ਼ਨ ਚਲਾਇਆ ਤੇ ਪੰਜ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੀਤਾ ਤੇ ਇਕ ਮੌਕੇ ਤੋਂ ਫਰਾਰ ਹੋ ਗਿਆ। ਪੰਜਾਂ ਥਾਵਾਂ ਤੋਂ ਪੁਲਸ ਨੂੰ 2 ਕਰੋੜ 38 ਲੱਖ ਰੁਪਏ ਬਰਾਮਦ ਹੋਏ। ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਮਨਦੀਪ ਸਿੰਘ ਸਿੱਧੂ, ਐਸ. ਪੀ. ਡੀ. ਹਰਮੀਤ ਸਿੰਘ ਹੁੰਦਲ ਤੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਗਈ। ਜਿਨ੍ਹਾਂ 'ਚ ਸੁਰਿੰਦਰਪਾਲ ਉਰਫ ਚਿੜੀਆ ਪੁੱਤਰ ਰਾਮ ਸਰੂਮ ਨਿਵਾਸੀ ਵਾਰਡ ਨੰਬਰ 3 ਪਾਤੜਾਂ ਜ਼ਿਲਾ ਪਟਿਆਲਾ ਤੋਂ 40 ਲੱਖ ਰੁਪਏ ਬਰਾਮਦ ਕੀਤੇ ਗਏ। ਸੁਰਿੰਦਰਪਾਲ ਦਾ ਨਾਮ ਏ. ਐਸ. ਆਈ. ਜੋਗਿੰਦਰ ਸਿੰਘ ਦੀ ਪੁੱਛ ਗਿੱਛ ਵਿਚ ਸਾਹਮਣੇ ਆਇਆ ਸੀ। ਸੁਰਿੰਦਰਪਾਲ ਦੀ ਸਰਜਰੀ ਹੋਈ ਸੀ, ਇਸ ਲਈ 437 ਸੀ. ਆਰ. ਪੀ. ਸੀ. ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕਰਕੇ ਮੌਕੇ 'ਤੇ ਜਮਾਨਤ 'ਤੇ ਛੱਡ ਦਿੱਤਾ ਗਿਆ।
ਇਸ ਮਾਮਲੇ ਵਿਚ ਮੁਹੰਮਦ ਸੰਗੀਰ ਪੁੱਤਰ ਮੁਹੰਮਦ ਜਮੀਲ ਵਾਸੀ ਬਲਬੀਰ ਖਾਨ ਕਾਲੋਨੀ ਪਟਿਆਲਾ ਦੇ ਘਰ ਏ. ਐਸ. ਆਈ. ਜੋਗਿੰਦਰ ਸਿੰਘ ਤੋਂ ਪੁੱਛਗਿੱਛ ਵਿਚ ਨਾਮ ਸਾਹਮਣੇ ਆਉਣ ਤੋਂ ਬਾਅਦ ਰੇਡ ਕੀਤੀ ਗਈ ਤਾਂ ਪੁਲਸ ਨੂੰ ਉਥੋਂ 20 ਲੱਖ ਰੁਪਏ ਬਰਾਮਦ ਕੀਤੇ। ਹੌਲਦਾਰ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦਾਨੇਵਾਲ ਜ਼ਿਲਾ ਮਾਨਸਾ ਜੋ ਕਿ ਡਵੀਜ਼ਨ ਨੰ. 2 ਦੇ ਕੋਲ ਕੁਆਟਰਾਂ ਵਿਚ ਰਹਿ ਰਿਹਾ ਸੀ ਅਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਤਾਇਨਾਤ ਹੈ, ਉਸ ਦਾ ਨਾਮ ਏ. ਐਸ. ਆਈ. ਰਾਜਪ੍ਰੀਤ ਸਿੰਘ ਤੋਂ ਪੁੱਛਗਿੱਛ ਵਿਚ ਸਾਹਮਣੇ ਆਇਆ। ਹੌਲਦਾਰ ਅਮਰੀਕ ਸਿੰਘ ਤੋਂ ਪੁਲਸ ਨੇ 30 ਲੱਖ ਰੁਪਏ ਬਰਾਮਦ ਕੀਤੇ। ਚੌਥਾ ਨਾਮ ਨਿਰਮਲ ਸਿੰਘ ਪੁੱਤਰ ਸਵ. ਕੇਹਰ ਸਿੰਘ ਵਾਸੀ ਪਿੰਡ ਰਾਏਪੁਰ ਥਾਣਾ ਜੋੜੀਆਂ ਜ਼ਿਲਾ ਮਾਨਸਾ ਦੇ ਘਰ ਰੇਡ ਕੀਤੀ। ਇਹ ਏ. ਐਸ. ਆਈ. ਰਾਜਪ੍ਰੀਤ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਇਸ ਤੋਂ 1 ਕਰੋੜ ਰੁਪਏ ਬਰਾਮਦ ਹੋਏ। ਹਾਲਾਂਕਿ ਨਿਰਮਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਦਵਿੰਦਰ ਕੁਮਾਰ ਉਰਫ ਕਾਲਾ ਵਾਸੀ ਮੂਨਕ ਦੇ ਘਰ ਰੇਡ ਕੀਤੀ, ਇਥੇ ਪੁਲਸ ਨੂੰ 30 ਲੱਖ ਰੁਪਏ ਬਰਾਮਦ ਹੋਏ। ਪੰਜਵੇਂ ਵਿਅਕਤੀ ਸੰਜੀਵ ਕੁਮਾਰ ਵਾਸੀ ਰਾਮ ਗੁੱਜਰਾਂ ਤੋਂ 18 ਲੱਖ ਰੁਪਏ ਬਰਾਮਦ ਹੋਏ। ਇਸ ਤਰ੍ਹਾਂ ਕੁੱਲ 2 ਕਰੋੜ 20 ਲੱਖ ਰੁਪਏ ਪੁਲਸ ਨੇ 12 ਘੰਟੇ ਆਪ੍ਰੇਸ਼ਨ ਚਲਾ ਕੇ ਬਰਾਮਦ ਕੀਤੇ।
ਦੱਸਣਯੋਗ ਹੈ ਕਿ ਫਾਦਰ ਐਂਥਨੀ ਤੋਂ ਖੰਨਾ ਪੁਲਸ ਨੇ ਨਾਕਾਬੰਦੀ ਦੌਰਾਨ 6 ਕਰੋੜ 65 ਲੱਖ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਉਸ ਤੋਂ ਅਗਲੇ ਦਿਨ ਫਾਦਰ ਐਂਥਨੀ ਨੇ 15 ਕਰੋੜ 65 ਲੱਖ ਰੁਪਏ ਪੁਲਸ ਵਲੋਂ ਉਸ ਦੇ ਘਰ ਤੋਂ ਬਰਾਮਦ ਕਰਕੇ ਲਿਜਾਉਣ ਦਾ ਦਾਅਵਾ ਕੀਤਾ। ਜਦੋਂ ਇਹ ਵਿਵਾਦ ਸ਼ੁਰੂ ਹੋਇਆ ਤਾਂ ਡੀ. ਜੀ. ਪੀ. ਪੰਜਾਬ ਵਲੋਂ ਇਸ ਮਾਮਲੇ ਵਿਚ ਆਈ. ਜੀ. ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਤੇ ਉਸ ਤੋਂ ਬਾਅਦ 2 ਮੁਖਬਰਾਂ ਅਤੇ ਦੋ ਪੁਲਸ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਹੋਏ। ਜਿਹੜੇ ਦੋ ਏ. ਐਸ. ਆਈਆਂ ਦੇ ਖਿਲਾਫ ਕੇਸ ਦਰਜ ਹੋਇਆ, ਉਨ੍ਹਾਂ ਵਿਚ ਏ. ਐਸ. ਆਈ. ਜੋਗਿੰਦਰ ਸਿੰਘ ਤੇ ਏ. ਐਸ. ਆਈ. ਰਾਜਪ੍ਰੀਤ ਸਿੰਘ ਸ਼ਾਮਲ ਸਨ। ਦੋਨਾਂ ਨੇ ਚੋਣਾਂ ਦੌਰਾਨ ਖੰਨਾ ਪੁਲਸ ਨਾਲ ਅਟੈਚ ਹੋਣ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਵਲੋਂ ਵਾਟਸਐਪ ਆਰਡਰਾਂ 'ਤੇ ਹੀ ਪਟਿਆਲਾ ਤੋਂ ਰਵਾਨਗੀ ਲੈ ਕੇ ਖੰਨਾ ਪੁਲਸ ਵਿਚ ਜੁਆਇਨ ਕਰ ਲਿਆ ਸੀ। ਜਦੋਂ ਦੋਨਾਂ 'ਤੇ ਕੇਸ ਦਰਜ ਹੋਇਆ ਤਾਂ ਉਸੇ ਦਿਨ ਤੋਂ ਦੋਨੋ ਫਰਾਰ ਚੱਲੇ ਆ ਰਹੇ ਸੀ, ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਪੰਜਾਬ ਪੁਲਸ ਦੀ ਇਨਪੁਟਸ ਦੇ ਆਧਾਰ 'ਤੇ ਕੋਚ ਤੋਂ ਕੇਰਲ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅੱਜ ਜਦੋਂ ਉਨ੍ਹਾਂ ਨੂੰ ਪੰਜਾਬ ਲੈ ਆਏ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਪਟਿਆਲਾ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਰੇਡ ਕਰਕੇ ਉਨ੍ਹਾਂ ਤੋਂ 2 ਕਰੋੜ 30 ਲੱਖ ਰੁਪਏ ਬਰਾਮਦ ਕੀਤੇ।