ਪਟਿਆਲਾ ''ਚ ਨਵੇਂ ਬੱਸ ਅੱਡੇ ਦੀ ਉਸਾਰੀ ਮਿੱਥੇ ਸਮੇਂ ''ਚ ਹੋਵੇਗੀ : ਡਿਪਟੀ ਕਮਿਸ਼ਨਰ (ਤਸਵੀਰਾਂ)

Friday, Jun 11, 2021 - 10:25 AM (IST)

ਪਟਿਆਲਾ : ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਫ਼ਨਮਈ ਪ੍ਰਾਜੈਕਟ ਪਟਿਆਲਾ ਦੇ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦੀ ਉਸਾਰੀ ਕਾਰਜ ਨੂੰ ਮਿੱਥੇ ਸਮੇਂ ਦੇ ਅੰਦਰ ਮੁਕੰਮਲ ਕਰਵਾਇਆ ਜਾਵੇਗਾ। ਕੁਮਾਰ ਅਮਿਤ ਇੱਥੇ ਰਾਜਪੁਰਾ ਬਾਈਪਾਸ ਨੇੜੇ ਲੋਕ ਨਿਰਮਾਣ ਵਿਭਾਗ ਵੱਲੋਂ 8.51 ਏਕੜ ਰਕਬੇ 'ਚ 60.97 ਕਰੋੜ ਰੁਪਏ ਦੀ ਲਾਗਤ ਉਸਾਰੇ ਜਾ ਰਹੇ ਇਸ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।

PunjabKesari
ਡਿਪਟੀ ਕਮਿਸ਼ਨਰ ਨੇ ਜੰਗੀ ਪੱਧਰ 'ਤੇ ਚੱਲ ਰਹੇ ਕੰਮ ਦੀ ਪ੍ਰਗਤੀ 'ਤੇ ਤਸੱਲੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਇਸ ਬੱਸ ਅੱਡੇ ਦੀ ਉਸਾਰੀ ਕਾਰਜਾਂ ਦੀ ਪ੍ਰਗਤੀ ਦਾ ਨੇੜਿਓਂ ਜਾਇਜ਼ਾ ਲੈ ਰਹੇ ਹਨ ਅਤੇ ਏਜੰਸੀ ਵੱਲੋਂ ਇਸ ਦੇ ਕੰਮ ਨੂੰ 30 ਨਵੰਬਰ 2021 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

PunjabKesari
ਆਪਣੇ ਦੌਰੇ ਮੌਕੇ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ. ਐਲ. ਗਰਗ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐਕਸੀਅਨ ਅਮਰੀਕ ਸਿੰਘ, ਐਸ. ਡੀ. ਈ. ਇੰਜ. ਐਮ. ਕੇ. ਗਰਗ ਤੋਂ ਬੱਸ ਅੱਡੇ ਦੀ ਪ੍ਰਗਤੀ ਬਾਬਤ ਵਿਸਥਾਰ 'ਚ ਜਾਣਕਾਰੀ ਹਾਸਲ ਕੀਤੀ। ਕੁਮਾਰ ਅਮਿਤ ਨੇ ਦੱਸਿਆ ਕਿ ਬੱਸ ਅੱਡੇ ਦੀ ਬੇਸਮੈਂਟ ਦੀ ਆਰ. ਸੀ. ਸੀ. ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਬੱਸ ਅੱਡੇ ਦੇ ਜ਼ਮੀਨੀ ਤਲ 'ਤੇ ਬੱਸ ਪੁਲ ਦੀ ਆਰ. ਸੀ. ਸੀ. ਸਲੈਬ ਅਤੇ ਹੋਰ ਸਲੈਬਾਂ ਵੀ ਇਸੇ ਮਹੀਨੇ ਪਾ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬੱਸ ਅੱਡੇ ਦੀ ਜ਼ਮੀਨੀ ਤਲ ਦੀ ਇੱਕ ਪਾਸੇ ਦੀ ਸਲੈਬ ਪੈ ਗਈ ਹੈ ਅਤੇ ਇੱਕ ਹੋਰ ਸਲੈਬ ਦੀ ਸ਼ਟਰਿੰਗ ਦਾ ਕੰਮ ਚੱਲ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਰਾਜਪੁਰਾ ਰੋਡ 'ਤੇ ਆਮ ਲੋਕਾਂ ਦੀ ਆਵਾਜਾਈ ਨੂੰ ਬਿਨ੍ਹਾਂ ਪ੍ਰਭਾਵਿਤ ਕੀਤੇ ਨਵੇਂ ਬੱਸ ਅੱਡੇ 'ਚ ਬੱਸਾਂ ਦੀ ਬੇਰੋਕ ਆਵਾਜਾਈ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਉਲੀਕੇ ਨਵੇਂ ਪੁਲ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੁਮਾਰ ਅਮਿਤ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰੀਕ ਸਿੰਘ ਨੂੰ ਕਿਹਾ ਕਿ ਉਹ ਸੀਵਰੇਜ, ਟਿਊਬਵੈਲ ਤੇ ਯੂ. ਜੀ. ਐਸ. ਆਰ. ਦੇ ਕੰਮ ਨੂੰ ਵੀ ਤੁਰੰਤ ਸ਼ੁਰੂ ਕਰ ਦੇਣ ਤਾਂ ਕਿ ਸਮੇਂ ਦੀ ਬਚਤ ਹੋ ਸਕੇ। ਉਨ੍ਹਾਂ ਨੇ ਜਨ ਸਿਹਤ ਵਿਭਾਗ ਦੇ ਕੰਮਾਂ ਨੂੰ ਵੀ ਉਲੀਕਦਿਆਂ ਸਮੇਂ ਸਿਰ ਮੁਕੰਮਲ ਕਰ ਲੈਣ ਦੀ ਹਦਾਇਤ ਕੀਤੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ 'ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੀ ਉਸਾਰੀ ਮੁਕੰਮਲ ਹੋਣ ਮਗਰੋਂ ਪਟਿਆਲਾ ਸ਼ਹਿਰ ਵਾਸੀਆਂ ਅਤੇ ਹੋਰ ਸਵਾਰੀਆਂ ਨੂੰ ਨਵੇਂ ਬੱਸ ਅੱਡੇ ਵਿਖੇ ਅਤਿ-ਆਧੁਨਿਕ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਲੋਕ ਨਿਰਮਾਣ ਵਿਭਾਗ (ਪ੍ਰੋਵਿੰਸੀਅਲ ਡਿਵੀਜਨ ਨੰਬਰ-1) ਦੇ ਕਾਰਜਕਾਰੀ ਇੰਜੀਨੀਅਰ ਇੰਜ. ਐਸ.ਐਲ. ਗਰਗ ਨੇ ਡਿਪਟੀ ਕਮਿਸ਼ਨਰ ਨੂੰ ਜਨਵਰੀ ਮਹੀਨੇ ਸ਼ੁਰੂ ਹੋਏ ਉਸਾਰੀ ਕਾਰਜ ਦੀ ਪ੍ਰਗਤੀ ਤੋਂ ਜਾਣੂੰ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਬੱਸ ਅੱਡੇ ਦੇ ਉਸਾਰੀ ਕਾਰਜ 'ਚ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹੋਏ ਉਸਾਰੀ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਇਆ ਜਾਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ./ਆਈ.ਏ.ਐਸ.) ਚੰਦਰਾ ਜੋਤੀ ਤੇ ਐਕਸਟਰਾ ਸਹਾਇਕ ਕਮਿਸ਼ਨਰ (ਯੂ.ਟੀ./ਪੀ.ਸੀ.ਐਸ.) ਜਗਨੂਰ ਸਿੰਘ ਗਰੇਵਾਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


Babita

Content Editor

Related News