ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’

Saturday, Jul 24, 2021 - 11:55 AM (IST)

ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’

ਬਾਘਾ ਪੁਰਾਣਾ (ਚਟਾਨੀ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਜਾਣਦੇ ਹਨ ਕਿ ਪ੍ਰਧਾਨਗੀ ਹਥਿਆਉਣ ਲਈ ਉਨ੍ਹਾਂ ਨੂੰ ਕਿਹੜੇ ਕਿਹੜੇ ਪਾਪੜ ਵੇਲਣੇ ਪਏ ਹਨ। ਸਿੱਧੂ ਇਹ ਵੀ ਜਾਣਦੇ ਹਨ ਕਿ ਕਾਂਗਰਸ ਪਾਰਟੀ ਦੀ ਅੰਦਰੂਨੀ ਹਾਲਤ 2017 ਦੇ ਮੁਕਾਬਲੇ ਕੋਈ ਬਹੁਤੀ ਚੰਗੀ ਨਹੀਂ ਰਹੀ। ਅਕਾਲੀ ਦਲ ਦੇ ਸਿਆਸੀ ਗ੍ਰਾਫ ਦੇ ਹੇਠਾਂ ਡਿੱਗਣ ਦਾ ਕਾਰਣ ਵੀ ਸਿੱਧੂ ਹੀ ਨਹੀਂ ਜਾਣਦੇ ਸਗੋਂ ਹਰੇਕ ਸਿਆਸੀ ਬੰਦਾ ਜਾਣਦਾ ਹੈ ਕਿ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਬੈਠਾ ਹੈ ਪਰ ਕਾਂਗਰਸ ਇਨ੍ਹਾਂ ਦੋਹਾਂ ਵੱਡੇ ਮੁੱਦਿਆਂ ਉੱਪਰ ਵੀ ਲੋਕਾਂ ਨੂੰ ਇਨਸਾਫ ਦਿਵਾਉਣ ’ਚ ਅਸਫਲ ਰਹੀ ਹੋਣ ਕਰ ਕੇ ਲੋਕ ਮਨਾਂ ਵਿੱਚੋਂ ਪੂਰਨ ਤੌਰ ’ਤੇ ਮਨਫੀ ਹੋ ਗਈ ਹੈ।

ਇਹ ਵੀ ਪੜ੍ਹੋ :    ਮੋਗਾ ਬੱਸ ਹਾਦਸੇ ’ਚ ਪੀੜਤਾਂ ਨਾਲ ਕੈਪਟਨ ਨੇ ਜਤਾਇਆ ਦੁੱਖ, ਤੁਰੰਤ ਮੈਡੀਕਲ ਸੇਵਾਵਾਂ ਦਿੱਤੇ ਜਾਣ ਦੇ ਆਦੇਸ਼

ਇਸ ਲਈ ਕਾਂਗਰਸ ਵੀ ਇਸ ਵਾਰ ਕੋਈ ਬਹੁਤਾ ਸਾਰਥਿਕ ਅਸਰ ਦਿਖਾਉਣ ਦੇ ਕਾਬਲ ਨਹੀਂ ਰਹੀ, ਅਜਿਹਾ ਸਭ ਕੁਝ ਜਾਣਦੇ ਹੋਏ ਵੀ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨਗੀ ਪਦ ਲਈ ਅੜੇ ਰਹਿਣ ਦਾ ਕਾਰਣ ਇਹੀ ਹੈ ਕਿ ਉਹ ਜ਼ਿੱਦੀ ਸੁਭਾਅ ਦਾ ਮਾਲਕ ਹੈ ਅਤੇ ਅੜ ਭੰਨਣ ਲਈ ਹੀ ਉਸ ਨੇ ਪ੍ਰਧਾਨਗੀ ਲਈ ਸਿਰੇ ਦਾ ਟਿੱਲ ਲਾਇਆ। ਵੈਸੇ ਨਵਜੋਤ ਅਤੇ ਅਮਰਿੰਦਰ ਦੋਨ੍ਹੋ ਹੀ ਸਿੱਧੂ ਗੋਤ ਨਾਲ ਸਬੰਧਤ ਹਨ ਅਤੇ ਅੜੀ ਪੱਖੋਂ ਅਮਰਿੰਦਰ ਸਿੰਘ ਵੀ ਨਵਜੋਤ ਸਿੱਧੂ ਨਾਲੋਂ ਘੱਟ ਨਹੀਂ। ਜੇਕਰ ਨਵਜੋਤ ਸਿੱਧੂ ਆਪਣੀ ਅੜੀ ਪੁਗਾਉਣ ਵਿਚ ਸਫਲ ਹੋਏ ਹਨ ਤਾਂ ਲੱਗਦਾ ਇੰਝ ਹੈ ਕਿ ਅਮਰਿੰਦਰ ਸਿੰਘ ਉਸ ਦੀ ਸਰਕਾਰੇ-ਦਰਬਾਰੇ ਚੱਲਣ ਨਹੀਂ ਦੇਣਗੇ। ਭਾਵ ਨਵਜੋਤ ਸਿੰਘ ਸਿੱਧੂ ਨੂੰ ‘ਫੁਸ ਪਟਾਕਾ’ ਸਾਬਤ ਕਰਨ ਲਈ ਆਪਣੀ ਪੂਰੀ ਵਾਹ ਲਾਉਣਗੇ। ਵੈਸੇ ਵੀ ਕੈਪਟਨ ਸਿੰਘ ਨੇ ਪਿਛਲੇ ਦੋ ਦਿਨਾਂ ਤੋਂ ਆਪਣੇ ਖੇਮੇ ਦੇ ਪੱਕੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੋਹਰੀ ਆਗੂਆਂ ਨਾਲ ਨਿਰੰਤਰ ਸੰਪਰਕ ਸਾਧਿਆ ਹੋਇਆ ਹੈ। ਅਜਿਹੇ ਯਤਨ ਦਰਸਾਉਂਦੇ ਹਨ ਕਿ ਦੋਨੋਂ ਸਿੱਧੂ ਇਕ ਦੂਜੇ ਦੀ ਸਿਆਸੀ ਤਾਕਤ ਨੂੰ ਖੋਰਾ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ।

ਇਹ ਵੀ ਪੜ੍ਹੋ :   ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ  

PunjabKesari

ਪਟਿਆਲਾ ਸ਼ਹਿਰ ਵਿਚ ਹੁਣ ਦੋ ਮਹਿਲ ਬਣ ਗਏ ਹਨ, ਇਕ ਮੋਤੀ ਮਹਿਲ ਅਤੇ ਦੂਜਾ ਜੋਤੀ ਮਹਿਲ। ਧਰਨਾਕਾਰੀਆਂ ਨੇ ਵੀ ਹੁਣ ਦੋਹਾਂ ਮਹਿਲਾਂ ਮੂਹਰੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਧਰਨਾਕਾਰੀ ਕਹਿੰਦੇ ਹਨ ਕਿ ਇਕ ਤਾਂ ਸਰਕਾਰ ਦਾ ਮੁਖੀ ਹੈ ਅਤੇ ਦੂਜਾ ਪਾਰਟੀ ਦਾ ਮੁਖੀ ਹੈ, ਇਸ ਲਈ ਤਾਕਤ ਪੱਖੋਂ ਲਗਭਗ ਦੋਨੋਂ ਹੀ ਬਰਾਬਰ ਹਨ। ਹੁਣ ਮੁੱਖ ਮੰਤਰੀ ਉੱਪਰ ਨਿਰਾਸ਼ ਕਰਮਚਾਰੀਆਂ ਦਾ ਦਬਾਅ ਵਧੇਗਾ ਅਤੇ ਕੈਪਟਨ ਸਿੰਘ ਵੀ ਮੰਗਾਂ ਮੰਨਣ ਨੂੰ ਪਹਿਲ ਦੇ ਕੇ ਕਰਮਚਾਰੀਆਂ ਦੀ ਸ਼ਾਬਾਸ਼ ਖੱਟਣ ਵੱਲ ਵਧਣਗੇ ਤਾਂ ਜੋ ਸ਼ਰੀਕ ਨੂੰ ਆਪਣੇ ਬਰਾਬਰ ਦੀ ਸ਼ਕਤੀ ਬਣਨ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ

ਵਿਰੋਧੀਆਂ ਦੀ ਘਟ ਸਕਦੀ ਹੈ ਸਰਕਾਰੇ-ਦਰਬਾਰੇ ਪੁੱਛ ਪਰਤੀਤ
ਭਾਵੇਂ ਕੈਪਟਨ ਵਿਰੋਧੀ ਖੇਮੇ ਨੇ ਕੈਪਟਨ ਨੂੰ ਆਪਣੇ ਹੱਥ ਦਿਖਾਉਣ ਲਈ ‘ਲਾਬਿੰਗ’ ਕਰ ਕੇ ਸਖਤ ਸੁਨੇਹਾ ਪੁੱਜਦਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਇਸ ਖੇਮੇ ਦੇ ਇਕ-ਦੋ ਵਿਧਾਇਕਾਂ ਅਤੇ ਇਕ ਦੋ ਮੰਤਰੀਆਂ ਨੇ ਤਾਂ ਸਖਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕੈਪਟਨ ਖਿਲਾਫ਼ ਆਪਣੀ ਰੱਜਵੀਂ ਭੜਾਸ ਕੱਢੀ ਅਤੇ ਆਪਣੇ ਆਪ ਨੂੰ ਸਿੱਧੂ ਦਾ ਵੱਡਾ ਹਮਦਰਦ ਦਿਖਾਉਣ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਸਪੱਸ਼ਟ ਹੈ ਕਿ ਅਜਿਹੇ ਨੁਮਾਇੰਦੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਰਾਂ ਵਿਚ ਰੜਕਣਗੇ ਅਤੇ ਨਵਜੋਤ ਸਿੱਧੂ ਦੇ ਹਮਾਇਤੀਆਂ ਦੀ ਪਹਿਲੀ ਕਤਾਰ ਵਿਚ ਗਿਣੇ ਜਾਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ, ਇਸ ਲਈ ਉਨ੍ਹਾਂ ਦਾ ਸਖਤ ਅਤੇ ਸਿੱਧਾ ਵਿਰੋਧ ਕਰਨ ਵਾਲਿਆਂ ਦੀ ਪ੍ਰਸ਼ਾਸਨ ਵਿਚ ਪੁੱਛ ਪ੍ਰਤੀਤ ਘਟੇਗੀ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਚੁਣੇ ਨੁਮਾਇੰਦਿਆਂ ਦੇ ਬਰਾਬਰ ਹੋਰ ਕੱਦਾਵਰ ਨੇਤਾਵਾਂ ਨੂੰ ਤਾਕਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Shyna

Content Editor

Related News