ਜਾਣੋ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪਿਛੋਕੜ

Friday, Apr 05, 2019 - 09:58 AM (IST)

ਜਾਣੋ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪਿਛੋਕੜ

ਪਟਿਆਲਾ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਇਸ ਵਾਰ ਵੀ ਉਨ੍ਹਾਂ ਦਾ ਮੁਕਾਬਲਾ ਕੈਪਟਨ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਨਾਲ ਹੋਣ ਜਾ ਰਿਹਾ ਹੈ। ਡਾ. ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਨਾਲ ਸਬੰਧਤ ਭਾਰਤੀ ਸਿਆਸਤਦਾਨ ਹਨ। ਉਹ ਪਟਿਆਲਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ। ਧਰਮਵੀਰ ਗਾਂਧੀ ਨੂੰ ਕਾਲਜ ਦੇ ਦਿਨਾਂ ਦੌਰਾਨ, 1975 ਵਿਚ ਐਮਰਜੈਂਸੀ ਦੇ ਵਿਰੋਧ ਦੇ ਲਈ ਇਕ ਮਹੀਨੇ ਦੇ ਲਈ ਅੰਮ੍ਰਿਤਸਰ ਵਿਚ ਨਜ਼ਰਬੰਦ ਕੀਤਾ ਗਿਆ ਸੀ। ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਕਾਰਡੀਓਲਾਜੀ ਵਿਭਾਗ ਵਿਚ ਇਕ ਸੀਨੀਅਰ ਲੈਕਚਰਾਰ ਦੇ ਤੌਰ 'ਤੇ ਵੀ ਕੰਮ ਕਰ ਚੁੱਕੇ ਹਨ।

ਧਰਮਵੀਰ ਗਾਂਧੀ 2011 ਵਿਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਸਰਗਰਮ ਸਿਆਸਤ ਵਿਚ ਸ਼ਾਮਲ ਹੋ ਗਏ ਅਤੇ ਦਿਲੀ ਵਿਧਾਨ ਸਭਾ ਦੀ ਚੋਣ, 2013 ਦੌਰਾਨ ਆਮ ਆਦਮੀ ਪਾਰਟੀ ਲਈ ਸਰਗਰਮੀ ਨਾਲ ਪ੍ਰਚਾਰ ਕੀਤਾ। ਫਿਰ ਉਨ੍ਹਾਂ ਨੇ 'ਆਪ' ਦੀ ਟਿਕਟ 'ਤੇ ਪਟਿਆਲਾ ਤੋਂ 2014 ਵਿਚ ਚੋਣ ਲੜੀ। ਇਸ ਚੋਣ ਮੁਹਿੰਮ ਦੌਰਾਨ ਉਨ੍ਹਾਂ 'ਤੇ ਕਥਿਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲਰ ਰਜਿੰਦਰ ਸਿੰਘ ਵਿਰਕ ਨੇ ਰਸੂਲਪੁਰ ਸੈਦਾਂ ਖੇਤਰ ਵਿਚ ਹਮਲਾ ਕੀਤਾ ਸੀ। ਗਾਂਧੀ ਨੇ 20,942 ਵੋਟ ਦੇ ਫਰਕ ਨਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਨੀਤ ਕੌਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਪ੍ਰਨੀਤ ਕੌਰ ਨੂੰ 3 ਲੱਖ 44 ਹਜ਼ਾਰ 729 ਵੋਟਾਂ, ਜਦੋਂਕਿ ਡਾ. ਗਾਂਧੀ ਨੇ 3 ਲੱਖ 65 ਹਜ਼ਾਰ 671 ਵੋਟਾਂ ਹਾਸਲ ਕੀਤੀਆਂ ਸਨ।


Related News