'ਚਾਹ ਵਾਲੇ' ਤੋਂ ਬਾਅਦ ਹੁਣ ਚੋਣ ਮੈਦਾਨ 'ਚ ਨਿਤਰਿਆ 'ਮੈਗੀ ਵਾਲਾ'
Wednesday, May 01, 2019 - 03:19 PM (IST)

ਪਟਿਆਲਾ—ਦੇਸ਼ ਭਰ ਵਿਚ ਜਿੱਥੇ 'ਚੌਂਕੀਦਾਰ' ਤੇ 'ਚਾਹ ਵਾਲੇ' ਨੂੰ ਲੈ ਕੇ ਚਰਚਾ ਛਿੜੀ ਹੋਈ ਹੈ , ਉੱਥੇ ਹੀ ਸ਼ਾਹੀ ਸ਼ਹਿਰ ਵਿਚ ਹੁਣ 'ਮੈਗੀ ਵਾਲੇ' ਨੇ ਵੀ ਸਿਆਸਤ 'ਚ ਪੈਰ ਧਰ ਲਿਆ ਹੈ। ਲੋਕ ਸਭਾ ਚੋਣਾਂ ਵਿਚ ਪ੍ਰਮੁੱਖ ਧਿਰਾਂ ਦੀ ਲੜਾਈ ਵਿਚ ਅਨੋਖੇ ਤਖੱਲਸ ਵਾਲੇ ਵਿਅਕਤੀ ਦੇ ਆਉਣ ਨਾਲ ਲੋਕਾਂ ਵਿਚ ਨਵੀਂ ਚਰਚਾ ਛਿੜ ਗਈ ਹੈ। ਜਾਣਕਾਰੀ ਮੁਤਾਬਕ ਜਸਬੀਰ ਸਿੰਘ 'ਤੇ ਇਕ ਕਤਲ ਦਾ ਕੇਸ ਵੀ ਹੈ, ਜਿਸ ਦੇ ਸਬੰਧ 'ਚ ਉਸ ਨੇ 14 ਸਾਲ ਜੇਲ ਵੀ ਕੱਟੀ ਸੀ। ਸ਼ਹਿਰ ਦੇ ਦੇਸੀ ਮਹਿਮਾਨਦਾਰੀ ਇਲਾਕੇ ਦੇ ਰਹਿਣ ਵਾਲੇ ਜਸਬੀਰ ਸਿੰਘ ਉਰਫ 'ਚਾਚਾ ਮੈਗੀ ਵਾਲਾ' ਵੱਲੋਂ ਬੀਤੇ ਦਿਨ ਰਿਟਰਨਿੰਗ ਅਫਸਰ ਕੋਲ ਕਾਗਜ਼ ਦਾਖ਼ਲ ਕੀਤੇ ਗਏ ਹਨ।
ਜਸਬੀਰ ਸਿੰਘ ਉਰਫ 'ਚਾਚਾ ਮੈਗੀ ਵਾਲਾ' ਨੇ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਵਧੀਕੀਆ ਦਿਨੋਂ-ਦਿਨ ਵਧ ਰਹੀਆਂ ਹਨ ਤੇ ਲੋਕਾਂ ਵੱਲੋਂ ਗਰੀਬਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਸਾਲ ਪਹਿਲਾਂ ਉਨ੍ਹਾਂ ਨਾਲ ਵੀ ਵਾਪਰਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਰਾਜਨੀਤੀ ਵਿਚ ਆ ਕੇ ਸੁਧਾਰ ਕਰਨ ਦਾ ਮਨ ਬਣਾਇਆ। 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਗਜ਼ ਭਰੇ ਸਨ ਪਰ ਲੋਕਾਂ ਨੇ ਬਹੁਤਾ ਹੁੰਗਾਰਾ ਨਾ ਭਰਿਆ। ਹੌਂਸਲਾ ਨਾ ਹਾਰਦਿਆਂ ਜਸਬੀਰ ਸਿੰਘ ਨੇ ਮੁੜ ਚੋਣ ਮੈਦਾਨ ਵਿਚ ਉਤਰਣ ਦਾ ਫੈਸਲਾ ਕੀਤਾ ਹੈ।