ਕੋਠੀ ਨੂੰ ਲੈ ਕੇ ਬਜ਼ੁਰਗ ਭੈਣਾਂ ਤੇ ਭਰਾ 'ਚ ਵਿਵਾਦ, ਕੌਂਸਲਰ 'ਤੇ ਵੀ ਹਿੱਸਾ ਦੱਬਣ ਦਾ ਦੋਸ਼

Wednesday, Dec 25, 2019 - 10:18 AM (IST)

ਕੋਠੀ ਨੂੰ ਲੈ ਕੇ ਬਜ਼ੁਰਗ ਭੈਣਾਂ ਤੇ ਭਰਾ 'ਚ ਵਿਵਾਦ, ਕੌਂਸਲਰ 'ਤੇ ਵੀ ਹਿੱਸਾ ਦੱਬਣ ਦਾ ਦੋਸ਼

ਪਟਿਆਲਾ (ਇੰਦਰ) : ਪਟਿਆਲਾ ਦੇ 22 ਨੰਬਰ ਫਾਟਕ ਦੇ ਬਿਲਕੁਲ ਨੇੜੇ 4700 ਗਜ਼ ਜ਼ਮੀਨ 'ਚ ਬਣੀ ਕੋਠੀ ਨੂੰ ਲੈ ਕੇ 2 ਭੈਣਾਂ ਅਤੇ ਭਰਾ ਵਿਚਕਾਰ ਪੈਦਾ ਹੋਏ ਮਤਭੇਦਾਂ 'ਤੇ ਜਿਥੇ ਸਿਆਸੀ ਪਾਰਟੀਆਂ ਲਾਹਾ ਲੈਣ ਦੀ ਹੋੜ ਵਿਚ ਨਜ਼ਰ ਆ ਰਹੀਆਂ ਹਨ, ਉਥੇ ਹੀ ਪਰਿਵਾਰ ਦੇ ਮੁਖੀ ਰਿਟਾ. ਅਫਸਰ ਉੱਤਰੀ ਰੇਲਵੇ ਕਲੇਮ ਟ੍ਰਿਊਬਨਲ ਰਵੀਇੰਦਰ ਸਿੰਘ ਨੇ ਆਪਣਾ ਪੱਖ ਰਖਦੇ ਹੋਏ ਕਿਹਾ ਕਿ ਇਹ ਮਾਮਲਾ ਉਨ੍ਹਾਂ ਦਾ ਘਰੇਲੂ ਹੈ। ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਰਵੀਇੰਦਰ ਸਿੰਘ ਮੁਤਾਬਕ ਇਹ ਜਗ੍ਹਾ ਸਾਡੇ ਪਿਤਾ ਮਰਹੂਮ ਕਮਿਸ਼ਨਰ ਪ੍ਰੀਤਮ ਸਿੰਘ ਸਿੱਧੂ ਦੀ ਹੈ। ਇਸ ਵਿਚ ਮੇਰੀਆਂ 2 ਭੈਣਾਂ 85 ਸਾਲਾ ਸੁਰਿੰਦਰ ਕੌਰ, 77 ਸਾਲਾ ਸਤਵਿੰਦਰ ਕੌਰ ਅਤੇ ਮੈਂ ਰਹਿੰਦੇ ਹਾਂ। ਇਹ ਜਗ੍ਹਾ ਅਤੇ ਇਸ ਵਿਚ ਬਣੀ ਕੋਠੀ ਸਾਡੀ ਤਿੰਨਾਂ ਭੈਣ-ਭਰਾਵਾਂ ਦੀ ਸਾਂਝੇ ਖਾਤੇ ਦੀ ਜਾਇਦਾਦ ਹੈ।ਇਸ ਵਿਚ ਅਸੀਂ ਤਿੰਨੇ ਭੈਣ-ਭਰਾ ਅਲੱਗ-ਅਲੱਗ ਕਮਰਿਆਂ 'ਚ ਅੱਧੇ-ਅੱਧੇ ਹਿੱਸੇ ਵਿਚ ਰਹਿ ਰਹੇ ਹਾਂ। ਤਿੰਨੇ ਇਕੋ ਰਸੋਈ ਦੀ ਇਕੱਠੇ ਹੀ ਵਰਤੋਂ ਕਰਦੇ ਹਾਂ।

ਉਨ੍ਹਾਂ ਦੱਸਿਆ ਕਿ ਮੇਰੀ ਭੈਣ ਸੁਰਿੰਦਰ ਕੌਰ ਤਲਾਕਸ਼ੁਦਾ ਹੈ। ਸਤਵਿੰਦਰ ਕੌਰ ਨੇ ਵਿਆਹ ਹੀ ਨਹੀਂ ਕਰਵਾਇਆ। ਮੈਂ ਨਵੰਬਰ ਮਹੀਨੇ 'ਚ ਬਠਿੰਡਾ ਵਿਖੇ ਆਪਣੇ ਬੇਟੇ ਦਾ ਵਿਆਹ ਕਰਨ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਮੇਰੀਆਂ ਦੋਵਾਂ ਭੈਣਾਂ ਨੇ ਮੇਰੇ ਕਮਰਿਆਂ 'ਚੋਂ ਮੇਰਾ ਸਾਮਾਨ ਕੱਢ ਕੇ ਕੋਠੀ 'ਚੋਂ ਬਾਹਰ ਨਾ-ਰਹਿਣਯੋਗ ਜਗ੍ਹਾ 'ਚ ਰੱਖ ਦਿੱਤਾ। ਕਮਰਿਆਂ ਨੂੰ ਆਪਣੇ ਤਾਲੇ ਲਾ ਲਏ।ਮੇਰੀਆਂ ਦੋਵੇਂ ਭੈਣਾਂ ਨੇ ਘਰ ਵਿਚ ਇਕ ਸਕਿਉਰਿਟੀ ਗਾਰਡ ਵੀ ਰੱਖ ਲਿਆ ਤਾਂ ਕਿ ਉਨ੍ਹਾਂ ਦਾ ਹੀ ਕਬਜ਼ਾ ਰਹੇ। ਮੈਂ ਕੋਠੀ ਅੰਦਰ ਦਾਖਲ ਹੋ ਕੇ ਸਿਰਫ਼ ਆਪਣੇ ਹੀ ਉਨ੍ਹਾਂ ਕਮਰਿਆਂ ਦੇ ਤਾਲੇ ਖੋਲ੍ਹੇ ਸਨ ।ਰਵੀਇੰਦਰ ਸਿੰਘ ਨੇ ਸਪੱਸ਼ਟੀਕਰਨ ਦਿੱਤਾ ਕਿ ਮੈਂ ਜਾਂ ਮੇਰੇ ਪਰਿਵਾਰ ਨੇ ਸੁਰਿੰਦਰ ਕੌਰ ਅਤੇ ਸਤਵਿੰਦਰ ਕੌਰ ਦੇ ਨਾ ਤਾਂ ਕਮਰਿਆਂ 'ਤੇ ਕੋਈ ਕਬਜ਼ਾ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੀ ਕੁੱਟ-ਮਾਰ ਕੀਤੀ ਹੈ। ਫੇਸਬੁੱਕ 'ਤੇ ਪਾਈ ਪੋਸਟ ਅਤੇ ਅਖ਼ਬਾਰਾਂ ਵਿਚ ਲਿਖਿਆ ਹੈ ਕਿ ਬੀਬੀਆਂ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੇਰੇ ਨਾਲ ਕਿਸੇ ਨੇ ਗੱਲਬਾਤ ਕਰ ਕੇ ਮੇਰਾ ਪੱਖ ਨਹੀਂ ਲਿਆ। ਸਾਡੇ ਪਰਿਵਾਰ ਤੋਂ ਬਾਹਰਲੇ ਕੁਝ ਸ਼ਰਾਰਤੀ ਲੋਕ ਗਲਤ ਤਰੀਕੇ ਨਾਲ ਇਸ ਜਾਇਦਾਦ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚ ਉਹ ਕਾਮਯਾਬ ਨਹੀਂ ਹੋ ਸਕਦੇ।ਰਵੀਇੰਦਰ ਸਿੰਘ ਨੇ ਕਿਹਾ ਕਿ ਮੇਰੇ ਅਤੇ ਮੇਰੀਆਂ ਭੈਣਾਂ ਦੇ ਇਸ ਮਕਾਨ ਨੂੰ ਇਕ ਕੌਂਸਲਰ ਅਤੇ ਸਾਡਾ ਪੁਰਾਣਾ ਨੌਕਰ, ਜੋ ਬਲੋਜ਼ਮ ਐਨਕਲੇਵ ਨਾਭਾ ਰੋਡ ਵਿਖੇ ਰਹਿ ਰਿਹਾ ਹੈ, ਸਾਡੀਆਂ ਭੈਣਾਂ ਨੂੰ ਗੁੰਮਰਾਹ ਕਰ ਕੇ ਇਸ ਜ਼ਮੀਨ 'ਤੇ ਕਬਜ਼ਾ ਕਰਨ ਦੇ ਹੱਥਕੰਡੇ ਅਪਣਾ ਰਹੇ ਹਨ। ਇਸ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ।ਪਰਿਵਾਰ ਵਿਚ ਪੈਦਾ ਹੋਏ ਤਣਾਅ ਸੁਲਝਾਉਣ ਲਈ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਦੇਰ ਸ਼ਾਮ ਕੋਠੀ ਪਹੁੰਚੇ, ਜਿਨ੍ਹਾਂ ਵਿਚ ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਐੱਸ. ਡੀ. ਐੱਮ. ਮੌਜੂਦ ਸਨ। ਉਨ੍ਹਾਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਮਾਮਲੇ ਨੂੰ ਘਰ ਵਿਚ ਬੈਠ ਕੇ ਹੀ ਸੁਲਝਾਉਣ ਦੀ ਸਲਾਹ ਦਿੱਤੀ ਹੈ।


author

Shyna

Content Editor

Related News