ਕੋਰੋਨਾ ਦੇ ਚੱਲਦਿਆਂ ਸੀ.ਐੱਮ. ਦੇ ਜ਼ਿਲੇ ਨੂੰ ਵੱਡੀ ਰਾਹਤ

Monday, May 18, 2020 - 04:06 PM (IST)

ਕੋਰੋਨਾ ਦੇ ਚੱਲਦਿਆਂ ਸੀ.ਐੱਮ. ਦੇ ਜ਼ਿਲੇ ਨੂੰ ਵੱਡੀ ਰਾਹਤ

ਪਟਿਆਲਾ,ਸਨੌਰ (ਮਨਦੀਪ ਜੋਸਨ): ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਪਟਿਆਲਾ ਜ਼ਿਲੇ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੇ ਹੁਕਮਾਂ ਵਿੱਚ ਬੀਤੀ ਦੇਰ ਰਾਤ ਤਬਦੀਲੀ ਕਰਦਿਆਂ ਹੁਣ ਕੇਵਲ ਰਾਤ ਦਾ ਹੀ ਕਰਫਿਊ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਸੀ.ਆਰ.ਪੀ.ਸੀ. ਦੀ ਦਫ਼ਾ 144 ਤਹਿਤ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ। ਜਦੋਂਕਿ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਲਾਗੂ ਤਾਲਾਬੰਦੀ 31 ਮਈ ਤੱਕ ਜਾਰੀ ਰਹੇਗੀ।

ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਅੰਦਰ ਵੱਖ-ਵੱਖ ਵਸਤਾਂ ਤੇ ਸੇਵਾਵਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਦਿਨਾਂ 
ਮੁਤਾਬਕ ਦੁਕਾਨਵਾਰ ਰੋਸਟਰ ਵੀ ਜਾਰੀ ਕੀਤਾ ਹੈ।  ਗ੍ਰਹਿ ਮੰਤਰਾਲੇ ਦੇ 17 ਮਈ ਦੇ ਨਿਰਦੇਸ਼ਾਂ ਮੁਤਾਬਕ ਵੱਖ-ਵੱਖ ਰਾਜਾਂ ਦੇ ਵਸਨੀਕਾਂ ਦੀ ਆਵਾਜਾਈ ਸਮੇਤ ਵਸਤਾਂ ਦੀ ਢੋਆ-ਢੁਆਈ ਨੂੰ ਵੀ ਆਗਿਆ ਹੈ ਅਤੇ ਇਸੇ ਤਰ੍ਹਾਂ ਰਾਜਾਂ ਦੀ ਆਪਸੀ ਸਹਿਮਤੀ ਨਾਲ ਇੰਟਰ ਸਟੇਟ ਅਤੇ ਅੰਤਰ ਰਾਜੀ ਬੱਸਾਂ ਦੀ ਆਵਾਜਾਈ ਦੀ ਵੀ ਆਗਿਆ ਹੈ। ਰਾਜ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਪ੍ਰੋਟੋਕਾਲ ਮੁਤਾਬਕ ਟੈਕਸੀ, ਕੈਬ, ਆਟੋ ਰਿਕਸ਼ਾ, ਦੋ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਵੀ ਚੱਲ ਸਕੇਗੀ ।

ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਖੁੱਲਣਗੀਆਂ ਇਹ ਦੁਕਾਨਾਂ
ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰੋਸਟਰ ਮੁਤਾਬਕ ਹੀ ਖੋਲ੍ਹੀਆਂ ਜਾ ਸਕਣਗੀਆਂ ਪਰ ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰਹਿਣਗੇ। ਇਸੇ ਤਰ੍ਹਾਂ ਜਿਹੜੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਖੁੱਲਣਗੀਆਂ ਉਨ੍ਹਾਂ ਵਿੱਚ ਮੋਬਾਇਲ, ਹਾਰਡਵੇਅਰ, ਪੇਂਟ, ਸੈਨਟਰੀ, ਲੋਹੇ ਤੇ ਸਟੀਲ, ਸਾਇਕਲ ਸੇਲ ਤੇ ਮੁਰੰਮਤ, ਇਲੈਕਟਰੀਕਲ ਤੇ ਇਲੈਕਟ੍ਰੋਨਿਕਸ ਗੁਡਸ, ਭਾਂਡਿਆਂ ਅਤੇ ਆਟੋਮੋਬਾਇਲਜ ਦੀਆਂ ਦੁਕਾਨਾਂ ਆਦਿ ਸ਼ਾਮਲ ਹਨ। ਜਦੋਂਕਿ ਸਵੀਟਸ, ਬੇਕਰੀ, ਜੂਸ ਬਾਰ, ਆਈਸ ਕਰੀਮ, ਮੀਟ ਤੇ ਪੋਲਟਰੀ, ਫਲਾਂ ਤੇ ਸਬਜ਼ੀਆਂ, ਦੁੱਧ ਦੀਆਂ ਡੇਅਰੀਜ, ਮੈਡੀਕਲ ਸਟੋਰ, ਗਰੌਸਰੀ, ਫੋਟੋਸਟੇਟ ਦੀਆਂ ਦੁਕਾਨਾਂ ਹਰ ਰੋਜ਼ 
ਖੁੱਲ੍ਹ ਸਕਣਗੀਆਂ।

ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਖੁੱਲਣਗੀਆਂ ਇਹ ਦੁਕਾਨਾਂ
ਇਸ ਤੋਂ ਬਿਨ੍ਹਾਂ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਖੋਲ੍ਹੀਆਂ ਜਾ ਸਕਣ ਵਾਲੀਆਂ ਦੁਕਾਨਾਂ ਵਿੱਚ ਰੇਡੀਮੇਡ ਗਾਰਮੈਂਟਸ, ਕੱਪੜੇ, ਸਾੜੀ ਸ਼ਾਪਸ, ਹੈਂਡਲੂਮ, ਜੁੱਤੀਆਂ ਦੀਆਂ ਦੁਕਾਨਾਂ, ਪ੍ਰਿਟਿੰਗ ਪ੍ਰੈਸ, ਫਲੈਕਸ ਪ੍ਰਿੰਟਿੰਗ, ਆਪਟੀਕਲ ਵੀਅਰਜ, ਕਿਤਾਬਾਂ, ਸਟੇਸ਼ਨਰੀ, ਸਟੈਂਪਸ, ਫੋਟੋਗ੍ਰਾਫ਼ੀ ਦੀਆਂ ਦੁਕਾਨਾਂ, ਫਰਨੀਚਰ, ਬੈਗ, ਸੂਟਕੇਸ, ਜਵੈਲਰੀ ਤੇ ਟੇਲਰ ਸਮੇਤ ਕਾਸਮੈਟਿਕਸ, ਜਨਰਲ ਤੇ ਗਿਫ਼ਟ ਸਟੋਰ ਸ਼ਾਮਲ ਹਨ। ਪ੍ਰੰਤੂ ਹਰ ਦੁਕਾਨਾਂ ਵਿੱਚ ਸਮਾਜਿਕ ਦੂਰੀ ਦੇ ਨਿਯਮ ਤਹਿਤ ਦੋ ਗਜ਼ ਦੀ ਦੂਰੀ ਨਿਯਮ ਦਾ ਪਾਲਣ ਕਰਨਾ ਹੋਵੇਗਾ ਅਤੇ ਦੁਕਾਨਾਂ 'ਚ ਇਕ ਸਮੇਂ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ।

ਰੈਸੋਟੋਰੈਂਟ ਕਰਨਗੇ ਘਰ ਘਰ ਸਪਲਾਈ: ਨਾਈ, ਸੈਲੂਨ, ਬਿਊਟੀ ਪਾਰਲਰਾਂ ਖੁਲਣਗੇ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਖੇਡ ਕੰਪਲੈਕਸ ਤੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਬਗੈਰ ਖੇਡ ਗਤੀਵਿਧੀਆਂ ਕੀਤੀਆਂ ਜਾ ਸਕਣਗੀਆਂ। ਰੈਸਟੋਰੈਂਟਾਂ ਵਿੱਚ ਬੈਠਕੇ ਖਾਣ-ਪੀਣ ਦੀ ਮਨਾਹੀ, ਕੇਵਲ ਵਸਤਾਂ ਦੀ ਘਰ-ਘਰ ਸਪਲਾਈ ਲਈ ਖੋਲ੍ਹਣ ਦੀ ਇਜ਼ਾਜਤ, ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਬਾਰਬਰ, ਨਾਈਆਂ, ਸੈਲੂਨ, ਬਿਊਟੀ ਪਾਰਲਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਤਹਿਤ ਆਗਿਆ। ਇਸੇ ਤਰ੍ਹਾਂ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਉਸਾਰੀ ਕੰਮਾਂ ਸਮੇਤ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਗਤੀਵਿਧੀਆਂ ਜੋ ਕਿ ਜਰੂਰੀ ਸੇਵਾਵਾਂ 'ਚ ਸ਼ਾਮਲ ਹਨ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਸਕਣਗੀਆਂ।

ਦਫਤਰਾਂ ਵਿਚ ਤੇਤੀ ਫੀਸਦੀ ਦੀ ਸ਼ਰਤ ਖਤਮ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ, ਜਿਨ੍ਹਾਂ ਨੂੰ ਕੰਮ ਕਰਨ ਦੀ ਆਗਿਆ ਹੈ, ਉਨ੍ਹਾਂ 'ਚ ਬੈਂਕਾਂ, ਵਿਤੀ ਲੈਣ-ਦੇਣ, ਕੋਰੀਅਰ, ਡਾਕ ਸੇਵਾ, ਦਿਹਾਤੀ ਤੇ ਸ਼ਹਿਰੀ ਖੇਤਰ 'ਚ ਉਦਯੋਗ, ਦਫ਼ਤਰੀ ਕੰਮਾਂ ਅਤੇ ਆਨਲਾਇਨ ਪੜ੍ਹਾਈ ਅਤੇ ਕਿਤਾਬਾਂ ਦੇਣ ਲਈ ਵਿੱਦਿਅਕ ਸੰਸਥਾਵਾਂ, ਪ੍ਰਾਈਵੇਟ ਦਫ਼ਤਰ, ਕੇਂਦਰ ਸਰਕਾਰ ਦੇ ਦਫ਼ਤਰਾਂ ਸਮੇਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਰਾਜ ਸਰਕਾਰ ਦੇ ਦਫ਼ਤਰਾਂ ਆਦਿ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਦਫ਼ਤਰਾਂ ਵਿੱਚ ਭੀੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇਗਾ।ਇਸ ਤੋਂ ਬਿਨ੍ਹਾਂ ਜਿਹੜੀਆਂ ਗਤੀਵਿਧੀਆਂ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਾਹੀ ਨਹੀਂ ਹੈ, ਉਹ ਵੀ ਕਰਨ ਦੀ ਇਜ਼ਾਜਤ ਹੋਵੇਗੀ। ਇਸ ਤਾਲਾਬੰਦੀ ਦੌਰਾਨ ਕਾਮਿਆਂ ਦੇ ਮੁਲਾਜਮਾਂ ਦੇ ਆਪਣੇ ਅਧਿਕਾਰਤ ਪਛਾਣ ਪੱਤਰਾਂ ਨਾਲ, ਬਿਨ੍ਹਾਂ ਕਿਸੇ ਪਾਸ ਦੇ ਆਵਾਜਾਈ ਕਰਨ ਦੀ ਆਗਿਆ ਹੋਵੇਗੀ। ਵਾਹਨਾਂ ਨੂੰ ਨਿਰਧਾਰਤ ਸਮੇਂ 'ਚ ਆਵਾਜਾਈ ਲਈ ਕਿਸੇ ਪਾਸ ਦੀ ਲੋੜ ਨਹੀਂ।

ਵਿਆਹਾਂ ਆਦਿ 'ਤੇ ਵੱਧ ਤੋਂ ਵੱਧ 50 ਜਣਿਆਂ ਦਾ ਹੋਵੇਗਾ ਇਕੱਠ
ਅੰਤਿਮ ਸੰਸਕਾਰ ਆਦਿ ਮੌਕੇ 20 ਵਿਅਕਤੀਆਂ ਦੋਂ ਵਧ ਦਾ ਨਹੀ ਹੋਵੇਗਾ ਇਕੱਠ

ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਕੋਵਿਡ-19 ਪ੍ਰਬੰਧਨ ਲਈ ਕੌਮੀ ਪੱਧਰ 'ਤੇ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇਗਾ। ਜਿਸ ਤਹਿਤ ਜਨਤਕ ਸਥਾਨਾਂ 'ਤੇ ਫੇਸ ਮਾਸਕ ਪਾਉਣਾ ਲਾਜਮੀ ਹੈ। ਕੰਮ ਵਾਲੀ ਜਗ੍ਹਾ ਅਤੇ ਜਨਤਕ ਥਾਵਾਂ 'ਤੇ ਥੁੱਕਣ 'ਤੇ ਜ਼ੁਰਮਾਨਾ ਹੋਵੇਗਾ, ਟਰਾਂਸਪੋਰਟ ਤੇ ਜਨਤਕ ਥਾਵਾਂ 'ਤੇ ਸਮਾਜਿਕ (ਸਰੀਰਕ) ਦੂਰੀ ਦੇ ਨਿਯਮ ਦੀ ਪਾਲਣਾਂ, ਵਿਆਹਾਂ ਆਦਿ 'ਤੇ ਵੱਧ ਤੋਂ ਵੱਧ 50 ਜਣਿਆਂ ਦਾ ਇਕੱਠ ਹੋ ਸਕੇਗਾ ਤੇ ਇੱਥੇ ਵੀ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇਗਾ। ਅੰਤਮ ਸਸਕਾਰ ਆਦਿ ਮੌਕੇ 20 ਵਿਅਕਤੀਆਂ ਦੋਂ ਵਧ ਦਾ ਇਕੱਠ ਨਹੀਂ ਹੋ ਸਕੇਗਾ। ਜਨਤਕ ਥਾਵਾਂ 'ਤੇ ਸ਼ਰਾਬ ਪੀਣ, ਪਾਨ, ਗੁਟਕਾ, ਤੰਬਾਕੂ ਆਦਿ ਦਾ ਸੇਵਨ ਨਹੀਂ ਕੀਤਾ ਜਾ ਸਕੇਗਾ।

ਕੰਟੇਨਮੈਂਟ ਖੇਤਰਾਂ 'ਚ ਕੇਵਲ ਜਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਹੀ ਰਹੇਗ ਜਾਰੀ
ਡੀ ਸੀ ਦੇ ਹੁਕਮਾਂ ਤਹਿਤ ਕੰਟੇਨਮੈਂਟ ਜੋਨ ਵਿੱਚ ਮੈਡੀਕਲ ਐਮਰਜੈਂਸੀ ਅਤੇ ਜਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਤੋਂ ਬਿਨ੍ਹਾਂ ਕੋਈ ਹੋਰ ਗਤੀਵਿਧੀ ਕਰਨ ਜਾਂ ਲੋਕਾਂ ਦੀ ਆਵਾਜਾਈ ਦੀ ਇਜ਼ਾਜਤ ਨਹੀਂ ਹੋਵੇਗੀ। ਇਸੇ ਤਰਾਂ ਜਿਲੇ ਵਿਚ ਰੇਲ, ਮੈਟਰੋ, ਹਵਾਈ ਆਵਾਜਾਈ ਦੀ ਆਗਿਆ ਨਹੀਂ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਨਾਨ ਕੰਟੇਨਮੈਂਟ ਜੋਨ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਦੀ ਓ.ਪੀ.ਡੀ. ਸਮੇਤ ਲੋਕਾਂ ਦੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਅੰਤਰ ਰਾਜੀ ਆਵਾਜਾਈ ਨੂੰ ਇਜ਼ਾਜਤ ਹੋਵੇਗੀ।

ਬਜੁਰਗਾਂ ਤੇ ਬੱਚਿਆਂ ਨੂੰ ਨਹੀ ਹੋਵੇਗੀ ਆਵਜਾਈ ਦੀ ਇਜਾਜਤ
ਆਮ ਲੋਕਾਂ ਦੀ ਰਾਤ ਦੇ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਸਮੇਂ ਆਵਾਜਾਈ ਨਹੀਂ ਹੋ ਸਕੇਗੀ। 65 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ, ਗਰਭ ਅਵਸਥਾ ਮਹਿਲਾਵਾਂ ਤੇ 10 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਸਮੇਤ ਗੰਭੀਰ ਰੋਗਾਂ ਦੇ ਸ਼ਿਕਾਰ ਵਿਅਕਤੀਆਂ ਦੀ ਆਵਾਜਾਈ ਨੂੰ ਵੀ ਇਜ਼ਾਜਤ ਨਹੀਂ ਹੈ

ਇਹ ਰਹਿਣਗੇ ਅਜੇ ਬੰਦ
ਸਿੱਖਿਆ ਸੰਸਥਾਵਾਂ, ਸਕੂਲ, ਕਾਲਜ, ਟ੍ਰੇਨਿੰਗ ਅਤੇ ਕੋਚਿੰਗ ਇੰਸਟੀਚਿਊਸ਼ਨਜ ਸਮੇਤ ਹੋਟਲ, ਰੈਸਟੋਰੈਂਟ ਤੇ ਆਉ ਭਗਤ ਦੀਆਂ ਸੇਵਾਵਾਂ, ਸਿਨੇਮਾ ਹਾਲ, ਸ਼ਾਪਿੰਗ ਮਾਲਜ, ਜਿਮਨੇਜੀਅਮ, ਇੰਟਰਟੇਨਮੈਂਟ ਪਾਰਕ, ਥਿਏਟਰ, ਬਾਰਜ, ਆਡੀਟੋਰੀਅਮ, ਸਵਿਮਿੰਗ ਪੂਲਜ, ਅਸੈਂਬਲੀ ਹਾਲ ਅਤੇ ਇਸ ਵਰਗੀਆਂ ਹੋਰ ਥਾਵਾਂ ਬੰਦ ਰਹਿਣਗੀਆਂ। ਸਿਆਸੀ, ਸੱਭਿਆਚਾਰਕ ਤੇ ਹੋਰ ਭੀੜ ਵਾਲੇ ਸੰਮੇਲਣ ਨਹੀਂ ਹੋਣਗੇ। ਧਾਰਮਿਕ ਸਥਾਨਾਂ/ਪੂਜਾ ਅਸਥਾਨਾਂ 'ਤੇ ਗਤੀਵਿਧੀਆਂ ਦੀ ਇਜ਼ਾਜਤ ਨਹੀਂ ਹੈ।

ਡੀ ਸੀ ਵਲੋ ਅਪੀਲ : ਜੇ ਸੰਭਵ ਹੋਵੇ ਤਾਂ ਘਰ ਵਿਚ ਰਹਿ ਕੇ ਕੋਰੋ ਕੰਮ
ਇਸ ਤੋਂ ਇਲਾਵਾ ਜੇ ਸੰਭਵ ਹੋਵੇ ਤਾਂ ਘਰ ਤੋਂ ਕੰਮ ਨੂੰ ਤਰਜੀਹ ਦਿੱਤੀ ਜਾਵੇ। ਦਫ਼ਤਰਾਂ 'ਚ ਦਾਖਲੇ ਸਮੇਂ ਥਰਮਲ ਸਕੈਨਿੰਗ, ਹੱਥ ਧੋਹਣ, ਸੈਨੇਟਾਈਜੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ। ਹਰ ਕੰਮ ਦੇ ਸਥਾਨ ਦੇ ਮੁਖੀ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਦਫ਼ਤਰ, ਕੰਮ ਦੇ ਸਥਾਨ 'ਤੇ ਕੰਮ ਸਮੇਂ, ਸ਼ਿਫ਼ਟ ਅਤੇ ਲੰਚ ਬਰੇਕ ਆਦਿ ਸਮੇਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਏਗਾ। ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕੀਤੀ ਜਾਵੇ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਆਪਦਾ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੇ 60 ਅਤੇ ਭਾਰਤੀ ਦੰਡਾਵਲੀ 1860 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News