ਪਟਿਆਲਾ ਦੇ ਇਸ ਇਲਾਕੇ ''ਚ ਕਾਂਗਰਸ ਦੀ ਧੜ੍ਹੇਬੰਦੀ ਹੋਈ ਜੱਗ-ਜ਼ਾਹਰ, ਆਹਮੋ-ਸਾਹਮਣੇ ਹੋਏ ਆਗੂ
Monday, Jul 05, 2021 - 10:21 AM (IST)
ਪਟਿਆਲਾ (ਮਨਦੀਪ ਜੋਸਨ) : ਪਟਿਆਲਾ ਦਿਹਾਤੀ ਦੇ ਤ੍ਰਿਪੜੀ ਇਲਾਕੇ ’ਚ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਆਦਿ ਬੁਨਿਆਦੀ ਚੀਜ਼ਾਂ ਦੇ ਵੱਧ ਰਹੇ ਰੇਟਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਦਿੱਤੇ ਗਏ ਪ੍ਰਦਰਸ਼ਨ ਦੇ ਸੱਦੇ ’ਤੇ ਪਟਿਆਲਾ ਦੇ 3 ਬਲਾਕ ’ਚ ਤਾਂ ਕਾਂਗਰਸੀ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ ਪਟਿਆਲਾ ਦਿਹਾਤੀ ਦੇ ਤ੍ਰਿਪੜੀ ਬਲਾਕ ’ਚ ਬਲਾਕ ਕਾਂਗਰਸ ਦੇ ਪ੍ਰਧਾਨ ਨੰਦ ਲਾਲ ਗੁਰਾਬਾ ਦੀ ਅਗਵਾਈ ਹੇਠ ਵੱਖਰੇ ਤੌਰ ’ਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ।
ਹਾਲਾਂਕਿ ਤ੍ਰਿਪੜੀ ਬਲਾਕ ਕਾਂਗਰਸ ਪ੍ਰਧਾਨ ਨੰਦ ਲਾਲ ਗੁਰਾਬਾ ਵੱਲੋਂ ਸ਼ਾਮ 6 ਵਜੇ ਕਾਂਗਰਸੀ ਨੇਤਾਵਾਂ ਤੇ ਸਮਰਥਕਾਂ ਨਾਲ ਕੇਂਦਰ ਸਰਕਾਰ ਖ਼ਿਲਾਫ਼ ਮਹਿੰਗਾਈ ਦੇ ਵਿਰੋਧ ’ਚ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਬਲਾਕ ਪ੍ਰਧਾਨ ਵੱਲੋਂ ਕਰਵਾਏ ਇਸ ਵਿਰੋਧ ਪ੍ਰਦਰਸ਼ਨ ਨਾਲ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਅਤੇ ਇੰਪਰੂਵਮੈਂਟ ਟਰੱਸਟ ਚੇਅਰਮੈਨ, ਵਾਰਡ ਨੰਬਰ 6 ਦੇ ਕੌਂਸਲਰ ਰਾਕੇਸ਼ ਨਾਸਰਾ ਵੀ ਨਦਾਰਦ ਰਹੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪੁਲਸ ਵੱਲੋਂ ਹੈਰੋਇਨ ਦੀ ਵੱਡੀ ਫੈਕਟਰੀ ਦਾ ਪਰਦਾਫਾਸ਼, 4 ਅਫ਼ਗਾਨੀ ਨਾਗਰਿਕ ਗ੍ਰਿਫ਼ਤਾਰ
ਮੈਂ ਆਪਣੀ ਡਿਊਟੀ ਨਿਭਾਈ : ਨੰਦ ਲਾਲ ਗੁਰਾਬਾ
ਇਸ ਬਾਰੇ ਤ੍ਰਿਪੜੀ ਬਲਾਕ ਕਾਂਗਰਸ ਪ੍ਰਧਾਨ ਨੰਦ ਲਾਲ ਗੁਰਾਬਾ ਨੇ ਗੱਲ ਕਰਨ ’ਤੇ ਕਿਹਾ ਕਿ ਪੰਜਾਬ ਪ੍ਰਦੇਸ਼ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਸਮਾਂ ਸ਼ਾਮ 6 ਵਜੇ ਰੱਖਿਆ ਗਿਆ ਸੀ। ਉਨ੍ਹਾਂ ਵੱਲੋਂ ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ ਨੂੰ ਵੀ ਬੁਲਾਇਆ ਗਿਆ ਸੀ ਪਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਕੁੱਝ ਮਿਊਂਸੀਪਲ ਕੌਂਸਲਰ ਵੱਲੋਂ ਪਾਰਟੀ ਪ੍ਰੋਟੋਕਾਲ ਦੇ ਨਿਯਮਾਂ ਖ਼ਿਲਾਫ਼ ਵੱਖਰੇ ਤੌਰ ’ਤੇ ਸਵੇਰੇ ਹੀ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕਰ ਲਿਆ ਗਿਆ, ਜੋ ਕਿ ਗਲਤ ਹੈ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਭੋਗ 'ਤੇ ਪਿਤਾ ਨੇ ਕੀਤਾ ਵੱਡਾ ਐਲਾਨ, ਮੀਡੀਆ ਅੱਗੇ ਰੱਖੀ ਇਹ ਗੱਲ (ਵੀਡੀਓ)
ਪਾਰਟੀ ’ਚ ਕੋਈ ਧੜੇਬੰਦੀ ਨਹੀਂ : ਕੇ. ਕੇ. ਸ਼ਰਮਾ
ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰੀ ਕੇ. ਕੇ. ਮਲਹੋਤਰਾ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਦੇ ਚਾਰਾਂ ਬਲਾਕਾਂ ’ਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿਉਂਕਿ ਤ੍ਰਿਪੜੀ ਪਟਿਆਲਾ ਦਿਹਾਤੀ ਦੀ ਗਤੀਵਿਧੀਆਂ ਤੇ ਵਿਕਾਸ ਕਾਰਜਾਂ ਲਈ ਉੱਥੇ ਦੇ ਪ੍ਰਮੁੱਖ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਇਸ ਲਈ ਉਹ ਸੰਤ ਬਾਂਗਾ ਵੱਲੋਂ ਬੁਲਾਏ ਗਏ ਪ੍ਰਦਰਸ਼ਨ ’ਚ ਸ਼ਾਮਲ ਹੋਏ। ਜੇਕਰ ਬਲਾਕ ਪ੍ਰਧਾਨ ਉਸ ਪ੍ਰਦਰਸ਼ਨ ’ਚ ਸ਼ਾਮਲ ਨਹੀਂ ਹੋਏ ਤਾਂ ਉਨ੍ਹਾਂ ਵੱਲੋਂ ਵੱਖਰੇ ਤੌਰ ’ਤੇ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਇਸ ਸੰਬਧੀ ਨੇਤਾ ਹੀ ਦੱਸ ਸਕਦੇ ਹਨ। ਬਾਕੀ ਪਾਰਟੀ ’ਚ ਕੋਈ ਧੜੇਬੰਦੀ ਨਹੀਂ ਹੈ ਅਤੇ 2022 ਵਿਧਾਨ ਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਪਾਰਟੀ ਇਕੱਠੇ ਖੜ੍ਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ