ਪਟਿਆਲਾ ’ਚ ‘ਆਪ’ ਦੇ ਨਾਂ 'ਤੇ ਵੰਡੇ ਪੈਂਫਲੇਟ, ਪਾਰਟੀ ਨੂੰ ਨੋਟਿਸ ਭੇਜ ਮੰਗਿਆ ਜਵਾਬ
Monday, Jan 10, 2022 - 03:41 PM (IST)
ਪਟਿਆਲਾ (ਬਿਊਰੋ) - ਪੰਜਾਬ ਵਿਧਾਨ ਸਭਾ ਚੋਣਾਂ-2022 ਨੂੰ ਲੈ ਕੇ ਜਾਰੀ ਕੀਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇਹਾਂਤੀ ਇਲਾਕੇ ’ਚ ਰਹਿਣ ਵਾਲੇ ਲੋਕਾਂ ਨੂੰ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਨਾਂ 'ਤੇ ਪੈਂਫਲੇਟ ਵੰਡੇ ਗਏ। ਲੋਕਾਂ ਨੂੰ ਵੰਡੇ ਗਏ ਪੈਂਫਲੇਟ ’ਚ ਲਿਖਿਆ ਗਿਆ ਸੀ ਕਿ ਸਾਰੀਆਂ ਪਾਰਟੀਆਂ ਤੋਂ ਪੈਸੇ ਲਓ ਪਰ ਵੋਟ ਝਾੜੂ ਨੂੰ ਦਿਓ। ਪੈਂਫਲੇਟ ’ਚ ਬਾਕੀ ਪਾਰਟੀਆਂ ਨੂੰ ਪੈਸੇ ਲੈ ਕੇ ਵੋਟ ਝਾੜੂ ਨੂੰ ਪਾਉਣ ਦਾ ਕਹਿ ਕੇ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਇਸ ਮਾਮਲੇ ਸਬੰਧੀ ਰਿਟਰਨਿੰਗ ਅਫ਼ਸਰ ਗੌਤਮ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਆਮ ਆਦਮੀ ਪਾਰਟੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਇਸ ਨੋਟਿਸ ਦਾ ਪਾਰਟੀ ਨੂੰ ਇੱਕ ਹਫ਼ਤੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ ਵਿੱਚ ਪਾਰਟੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਇਸ ਸਬੰਧ ’ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਦੇ ਪਿੰਡਾਂ ਵਿੱਚ ਵੰਡੇ ਗਏ ਇਨ੍ਹਾਂ ਪੈਂਫਲੇਟਾਂ ਦਾ ਵਿਰੋਧ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ