ਦੁਕਾਨਾਂ ਤੋਂ ਬਾਹਰ ਸਾਮਾਨ ਰੱਖਣ ਵਾਲਿਆਂ ਦੀ ਹੁਣ ਖੈਰ ਨਹੀਂ : ਈ. ਓ

01/23/2019 9:54:05 AM

ਪਟਿਆਲਾ (ਹਰਦੀਪ, ਅਵਤਾਰ)-ਸਵੱਛਤਾ ਅਭਿਆਨ-2018 ਦੌਰਾਨ ਪੂਰੇ ਉੱਤਰੀ ਭਾਰਤ ’ਚੋਂ ਅੱਵਲ ਰਹੇ ਭਾਦਸੋਂ ਸ਼ਹਿਰ ਨੂੰ 7 ਤਾਰਾ ਸ਼੍ਰੇਣੀ ਵਿਚ ਲਿਆਉਣ ਲਈ ਨਗਰ ਪੰਚਾਇਤ ਭਾਦਸੋਂ ਨੇ ਡਿਪਟੀ ਡਾਇਰੈਕਟਰ ਜੀਵਨਜੋਤ ਕੌਰ ਦੀਆਂ ਹਦਾਇਤਾਂ ’ਤੇ ਅਮਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵਪਾਰ ਮੰਡਲ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਈ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਸਫਾਈ ਅਭਿਆਨ ਵਿਚ ਹੋਰ ਤੇਜ਼ੀ ਲਿਆਉਣ ਲਈ 4 ਨਵੇਂ ਸਫਾਈ ਮੁਲਾਜ਼ਮ ਰੱਖੇ ਗਏ ਹਨ। ਹੁਣ 7 ਤਾਰਾ ਸ਼੍ਰੇਣੀ ਦੀ ਸ਼ਰਤ ਅਨੁਸਾਰ ਸ਼ਹਿਰ ਦੀ ਹਰੇਕ ਦੁਕਾਨ ਅਤੇ ਘਰ ਨੂੰ ਸਫਾਈ ਲਈ ਨਾ-ਮਾਤਰ ਫੀਸ ਅਦਾ ਕਰਨੀ ਪਿਆ ਕਰੇਗੀ। ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਈ. ਓ. ਅਮਨਦੀਪ ਸਿੰਘ ਨੇ ਕਿਹਾ ਕਿ ਉਹ 2 ਦਿਨਾਂ ’ਚ ਆਪਣਾ ਸਾਮਾਨ ਅੰਦਰ ਰੱਖ ਲੈਣ। ਆਵਾਜਾਈ ਵਿਚ ਵਿਘਨ ਪਾਉਂਦੇ ਬੋਰਡਾਂ ਨੂੰ ਵੀ ਹਟਾਇਆ ਜਾਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਅਗਲੇ ਦਿਨ ਪੁਲਸ ਦੀ ਮਦਦ ਨਾਲ ਦੁਕਾਨਾਂ ਤੋਂ ਬਾਹਰ ਪਿਆ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਵਪਾਰ ਮੰਡਲ ਆਗੂਆਂ ਪ੍ਰਧਾਨ ਰਣਧੀਰ ਸਿੰਘ ਢੀਂਡਸਾ, ਸਰਪ੍ਰਸਤ ਮਦਨ ਲਾਲ ਗਰਗ, ਖਜ਼ਾਨਚੀ ਰਾਜਿੰਦਰ ਕੁਮਾਰ, ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ, ਜਨਰਲ ਸਕੱਤਰ ਬੱਬੀ ਰੰਘੇਡ਼ੀ ਤੇ ਸ਼ੇਰ ਸਿੰਘ ਠੇਕੇਦਾਰ ਨੇ ਸ਼ਹਿਰ ਦੀ ਭਲਾਈ ਲਈ ਆਪਣੇ ਵਿਚਾਰ ਪੇਸ਼ ਕੀਤੇ। ਉਕਤ ਆਗੂਆਂ ਨੇ ਰੇਹਡ਼ੀ-ਫੜ੍ਹੀ ਵਾਲਿਆਂ ਲਈ ਧਾਰਮਕ ਅਸਥਾਨਾਂ ਹਰੀਹਰ ਮੰਦਰ ਅਤੇ ਵਿਸ਼ਕਰਮਾ ਮੰਦਰ ਅੱਗੇ ਥਾਂ ਅਲਾਟ ਕਰਨ ਦੀ ਥਾਂ ਮੰਦਰ ਦੇ ਪਿਛਵਾਡ਼ੇ ਨਗਰ ਪੰਚਾਇਤ ਦੀ ਮਲਕੀਅਤ ਵਾਲੀ ਜਗ੍ਹਾ ’ਤੇ ਰੇਹਡ਼ੀਆਂ ਲਵਾਉਣ ਦੀ ਤਜਵੀਜ਼ ਵੀ ਰੱਖੀ। ਇਸ ਮੌਕੇ ਐੈੱਸ. ਐੈੱਚ. ਓ. ਭਾਦਸੋਂ ਵੱਲੋਂ ਏ. ਐੈੱਸ. ਆਈ. ਜਸਵੀਰ ਸਿੰਘ, ਕਾਂਗਰਸੀ ਆਗੂ ਹੰਸ ਰਾਜ ਮਸਤਾਨਾ, ਕਪਿਲ ਕੁਮਾਰ, ਡਿੰਪਲ ਅਗਰਵਾਲ, ਚੇਤਨ ਸ਼ਰਮਾ, ਚਰਨਜੀਤ ਸਿੰਘ, ਅਮਰਜੀਤ ਸਿੰਘ, ਰੋਹਿਤ ਕੁਮਾਰ ਲੌਟ ਵਾਲੇ, ਬਾਬਰ ਅਲੀ, ਗੁਰਦੇਵ ਸਿੰਘ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਮੁਖੀ ਹਾਜ਼ਰ ਸਨ।

Related News