ਮੁੱਖ ਮੰਤਰੀ ਦੇ ਸ਼ਹਿਰ ’ਚ ਵੀ ਨੰਨ੍ਹੀਆਂ ਜਾਨਾਂ ਦੀ ਜ਼ਿੰਦਗੀ ਲੱਗੀ ਦਾਅ ’ਤੇ

02/16/2020 1:33:17 PM

ਪਟਿਆਲਾ (ਬਲਜਿੰਦਰ) - ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ’ਚ ਵੀ ਬਿਨਾਂ ਫਾਇਰ ਸੇਫਟੀ ਸਿਸਟਮ ਦੇ ਜ਼ਿਆਦਾਤਰ ਸਕੂਲ ਵਾਹਨ ਸੜਕਾਂ ’ਤੇ ਦੌੜ ਰਹੇ ਹਨ। ਇਸ ਨੂੰ ਦੇਖ ਇੰਝ ਲੱਗਦਾ ਜਿਵੇਂ ਸੰਗਰੂਰ ਵਰਗਾ ਭਿਆਨਕ ਹਾਦਸਾ ਕਦੇ ਵੀ ਪਟਿਆਲਾ ’ਚ ਵਾਪਰ ਸਕਦਾ ਹੈ। ਜੇਕਰ ਸਹੀ ਮਾਇਨਿਆਂ ’ਚ ਦੇਖਿਆ ਜਾਵੇ ਤਾਂ ਪਟਿਆਲਾ ਜ਼ਿਲੇ ’ਚ ਪਿਛਲੇ ਇਕ ਸਾਲ ਤੋਂ ਸਕੂਲ ਵਾਹਨਾਂ ਦੀ ਸਹੀ ਤਰੀਕੇ ਨਾਲ ਚੈਕਿੰਗ ਨਹੀਂ ਹੋਈ। ਹਾਲਾਂਕਿ ਪਹਿਲਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਮਗਰੋਂ ਪਟਿਆਲਾ ’ਚ ਲਗਾਤਾਰ 6 ਮਹੀਨਿਆਂ ਤੱਕ ਸਕੂਲੀ ਬੱਚੇ ਲਿਜਾਉਣ ਵਾਲੇ ਵਾਹਨਾਂ ’ਚ ਸਹੀ ਅਰਥਾਂ ’ਚ ਸਮੁੱਚੇ ਸੇਫਟੀ ਸਿਸਟਮ ਦੀ ਚੈਕਿੰਗ ਕੀਤੀ ਗਈ ਸੀ। ਇਨ੍ਹਾਂ ’ਚ ਹਾਈਡਲ ਦਰਵਾਜ਼ੇ, ਫਸਟ ਏਡ ਕਿੱਟ, ਫਾਇਰ ਸੇਫਟੀ ਸਿਸਟਮ ਤੇ ਨਿਰਧਾਰਿਤ ਗਿਣਤੀ ਅਨੁਸਾਰ ਬੱਚਿਆਂ ਦੇ ਬੈਠਣ, ਹਰੇਕ ਸਕੂਲ ਵੈਨ ਨਾਲ ਕੰਡਕਟਰ ਦਾ ਹੋਣਾ ਆਦਿ ਕਈ ਅਜਿਹੇ ਨਿਯਮ ਸਨ, ਜਿਨ੍ਹਾਂ ਨੂੰ ਪੁਲਸ ਨੇ ਪੂਰਾ ਕਰਵਾਉਣ ਲਈ ਜ਼ੋਰ ਪਾਇਆ ਪਰ ਇਹ ਮੁਹਿੰਮ ਠੱਪ ਹੋ ਗਈ। ਅੱਜ ਹਾਲਾਤ ਇਹ ਹਨ ਕਿ ਜ਼ਿਆਦਾਤਰ ਵਾਹਨਾਂ ’ਚ ਫਾਇਰ ਸੇਫਟੀ ਸਿਸਟਮ ਜਾਂ ਤਾਂ ਹੈ ਹੀ ਨਹੀਂ ਜੇਕਰ ਹਨ ਤਾਂ ਉਹ ਆਊਟਡੇਟਿਡ ਹਨ।

ਇੰਨਾ ਹੀ ਨਹੀਂ ਸਭ ਤੋਂ ਅਹਿਮ ਗੱਲ ਇਹ ਹੈ ਕਿ ਕਈ ਆਊਟਡੇਟਿਡ ਵਾਹਨਾਂ ’ਚ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਦੇ ਨਾਲ ਸਭ ਤੋਂ ਖਤਰਨਾਕ ਗੱਲ ਇਕ ਵਾਹਨ ’ਚ ਨਿਰਧਾਰਿਤ ਗਿਣਤੀ ਤੋਂ ਕਿਤੇ ਜ਼ਿਆਦਾ ਵਿਦਿਆਰਥੀਆਂ ਨੂੰ ਭਰ ਲਿਜਾਉਣਾ ਹੈ। ਸੰਗਰੂਰ ’ਚ ਵਾਪਰੇ ਭਿਆਨਕ ਹਾਦਸੇ ਮਗਰੋਂ ਫਿਰ ਪ੍ਰਸ਼ਾਸਨ ਜਾਗਿਆ ਪਰ ਲਗਾਤਾਰ ਚੈਕਿੰਗ ਨਾ ਕਰਨਾ ਅਤੇ ਸਮੁੱਚੇ ਸੇਫਟੀ ਸਿਸਟਮ ਲਾਉਣ ਦੀਆਂ ਹਦਾਇਤਾਂ ਜਾਰੀ ਨਾ ਕਰਨਾ ਸਿੱਧੇ ਤੌਰ ’ਤੇ ਸਕੂਲੀ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਸੰਗਰੂਰ ਵਿਖੇ ਸਕੂਲ ਵੈਨ ਨੂੰ ਅੱਗ ਲੱਗਣ ਨਾਲ 4 ਨੰਨ੍ਹੀਆਂ ਜਾਨਾਂ ਮੌਕੇ ’ਤੇ ਸੜ ਗਈਆਂ। ਜੇਕਰ ਹੁਣ ਵੀ ਪ੍ਰਸ਼ਾਸਨ ਨਾ ਜਾਗਿਆ ਤਾਂ ਅਜਿਹਾ ਹਾਦਸਾ ਪਟਿਆਲਾ ’ਚ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸਮੁੱਚੇ ਸਕੂਲੀ ਵਾਹਨਾਂ ਦੀ ਕੀਤੀ ਜਾਵੇਗੀ ਚੈਕਿੰਗ : ਐੱਸ. ਪੀ. ਚੀਮਾ
ਸੰਗਰੂਰ ਹਾਦਸੇ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਭਲਕੇ ਤੋਂ ਸਮੁੱਚੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਐੱਸ. ਪੀ. ਟਰੈਫਿਕ ਪਲਵਿੰਦਰ ਸਿੰਘ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਕਿਸੇ ਆਊਟਡੇਟਿਡ ਵਾਹਨ ਨੂੰ ਬੱਚਿਆਂ ਨੂੰ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਦੇ ਧਿਆਨ ’ਚ ਜਿਥੇ ਵੀ ਮਾਮਲਾ ਆਇਆ ਤਾਂ ਉਨ੍ਹਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਥੇ ਕਾਰਵਾਈ ਕੀਤੀ। ਹੁਣ ਵਿਸ਼ੇਸ਼ ਤੌਰ ’ਤੇ ਇਕ ਮੁਹਿੰਮ ਚਲਾਈ ਜਾਵੇਗੀ, ਜਿਸ ’ਚ ਸਭ ਤੋਂ ਪਹਿਲਾਂ ਸਮੁੱਚੇ ਸਕੂਲ ਪ੍ਰਬੰਧਕਾਂ ਨੂੰ ਪੱਤਰ ਲਿਖ ਆਪਣੇ ਵਾਹਨਾਂ ਨੂੰ ਅੱਪਡੇਟ ਕਰਨ ਅਤੇ ਨਿਯਮਾਂ ਅਨੁਸਾਰ ਬੱਚੇ ਲਿਜਾਉਣ ਦੀ ਇਜਾਜ਼ਤ ਦੇਣ ਦੇ ਨਿਰਦੇਸ਼ ਦਿੱਤੇ ਜਾਣਗੇ। ਦੂਜੇ ਪਾਸੇ ਭਲਕੇ ਤੋਂ ਚੈਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਜਿਥੇ-ਕਿਤੇ ਵੀ ਕੋਈ ਸਕੂਲੀ ਵਾਹਨ ਨਿਯਮਾਂ ਦੀ ਅਣਦੇਖੀ ਕਰਦਾ ਪਾਇਆ ਗਿਆ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਐੱਸ. ਪੀ. ਚੀਮਾ ਨੇ ਕਿਹਾ ਕਿ ਪਟਿਆਲਾ ਪੁਲਸ ਕਿਸੇ ਵੀ ਸਕੂਲ ਨੂੰ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡਣ ਨਹੀਂ ਦੇਵੇਗੀ।


rajwinder kaur

Content Editor

Related News