ਪਟਿਆਲਾ ''ਚ 24 ਮਾਰਚ ਤੱਕ ਜਾਰੀ ਰਹੇਗਾ ਜਨਤਾ ਕਰਫਿਊ : ਡੀ. ਸੀ.
Saturday, Mar 21, 2020 - 10:32 PM (IST)
ਪਟਿਆਲਾ,(ਜੋਸਨ)-ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਜ਼ਿਲੇ ਅੰਦਰ 'ਕੋਰੋਨਾ ਵਾਇਰਸ' ਤੋਂ ਬਚਾਅ ਅਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਅਹਿਤਿਆਤ ਵਜੋਂ ਪਟਿਆਲਾ ਜ਼ਿਲੇ ਅੰਦਰ ਅਗਲੇ ਤਿੰਨ ਦਿਨਾਂ ਲਈ 22 ਤੋਂ 24 ਮਾਰਚ ਤੱਕ ਜਨਤਾ 'ਕਰਫਿਊ' ਲਾਉਣ ਦਾ ਐਲਾਨ ਕੀਤਾ ਹੈ।
ਡੀ. ਸੀ. ਨੇ ਕਿਹਾ ਕਿ ਭਾਵੇਂ ਕਿ ਹਾਲੇ ਤੱਕ ਪਟਿਆਲਾ ਜ਼ਿਲੇ ਵਿਚ ਇਸ ਵਾਇਰਸ ਤੋਂ ਪ੍ਰਭਾਵਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਇਹ ਫੈਸਲਾ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਆਮ ਜਨਤਾ ਨੂੰ ਬਚਾਉਣ ਲਈ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ ਤਾਂ ਕਿ ਇਸ ਦੀ ਲੜੀ ਤੋੜੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਨਾਜ਼ੁਕ ਸਮੇਂ ਅਹਿਤਿਆਤ ਨਾ ਵਰਤੀ ਤਾਂ ਇਸ ਦੇ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲੇ ਦੇ ਲੋਕਾਂ ਦੀ ਜਾਨ ਦੀ ਹਿਫ਼ਾਜ਼ਤ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲੇ ਅੰਦਰ ਲੋਕ ਹਿੱਤ ਵਿਚ ਜਨਤਾ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ।