ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ ਬਹਾਦਰਗੜ੍ਹ ਦੀ ਟੀਮ ਨੇ 7-5 ਦੇ ਫ਼ਰਕ ਨਾਲ ਜਿੱਤਿਆ

02/27/2020 10:02:52 AM

ਪਟਿਆਲਾ (ਰਾਜੇਸ਼, ਬਖਸ਼ੀ): ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਉਤਸਵਾਂ ਦੀ ਲੜੀ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ' ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-5 ਅੰਕਾਂ ਨਾਲ ਜਿੱਤ ਲਿਆ।
ਇੱਥੇ ਸੰਗਰੂਰ ਰੋਡ ਵਿਖੇ ਸਥਿਤ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ 'ਚ ਅੱਜ ਕਰਵਾਏ ਗਏ ਇਸ ਮੈਚ ਦੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ, ਨਗਰ ਨਿਗਮ ਤੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ. ਹਿੰਮਤ ਸਿੰਘ ਕਾਹਲੋਂ, ਸ੍ਰੀਮਤੀ ਈਸ਼ਵਰ ਪ੍ਰੀਤ ਕੌਰ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਫੈਸਟੀਵਲ ਦੇ ਨੋਡਲ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ, ਕਰਨਲ ਰੂਪੀ ਬਰਾੜ ਸਮੇਤ ਹੋਰ ਸ਼ਖ਼ਸੀਅਤਾਂ ਨੇ ਇਸ ਦਿਲਚਸਪ ਮੈਚ ਦਾ ਆਨੰਦ ਮਾਣਿਆਂ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਸ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਜਿਥੇ ਦੇਸ਼ ਵਿਦੇਸ਼ ਦੀ ਪੁਰਾਤਨ ਸ਼ਿਲਪ ਕਲਾ, ਖੇਡਾਂ, ਸੱਭਿਆਚਾਰ ਤੋਂ ਜਾਣੂ ਕਰਵਾਇਆ ਹੈ, ਉਥੇ ਹੀ ਸਾਨੂੰ ਵਿਰਾਸਤ ਅਤੇ ਅਮੀਰ ਵਿਰਸੇ ਨਾਲ ਵੀ ਜੋੜਿਆ ਹੈ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਦੇ ਇਸ ਪੋਲੋ ਮੈਚ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸੁਪਨੇ ਅਨੁਸਾਰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰਦਿਆਂ ਜਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਆ ਹੈ।

ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੌਰਾਨ ਕਰਵਾਏ ਗਏ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ' ਦੌਰਾਨ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲੇ ਵਾਲਾ ਮੈਚ ਹੋਇਆ, ਜਿਸ 'ਚ ਵੱਡੀ ਗਿਣਤੀ ਦਰਸ਼ਕਾਂ ਨੇ ਇਸ ਸਾਹਸ ਭਰਪੂਰ ਦਿਲਦਾਰ-ਜ਼ਾਨਦਾਰ ਤੇ ਦਿਲਕਸ਼ ਖੇਡ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ' ਦੌਰਾਨ ਬਹਾਦਰਗੜ੍ਹ ਦੀ ਟੀਮ ਭਾਵੇਂ ਪਹਿਲੇ ਚੱਕਰ 'ਚ ਕੋਈ ਗੋਲ ਨਾ ਕਰ ਸਕੀ ਪ੍ਰੰਤੂ ਇਸ ਟੀਮ ਨੇ ਇਸ ਖੇਡ ਦੇ ਬਾਕੀ ਤਿੰਨੇ ਚੱਕਰਾਂ ਦੌਰਾਨ ਵਿਰੋਧੀ ਟੀਮ ਕਿਲਾ ਮੁਬਾਰਕ 'ਤੇ ਦਬਾਅ ਬਣਾਈ ਰੱਖਿਆ ਤੇ ਅੰਤ ਨੂੰ ਸਖ਼ਤ ਮੁਕਾਬਲੇ ਮਗਰੋਂ 7-5 ਗੋਲਾਂ ਦੇ ਫਰਕ ਨਾਲ ਜਿੱਤ ਲਿਆ। ਪਹਿਲੇ ਦੋਵਾਂ ਚੱਕਰ 'ਚ ਕਿਲਾ ਮੁਬਾਰਕ ਦੀ ਟੀਮ ਦੇ ਕਰਨਲ ਐਨ.ਐਸ ਸੰਧੂ ਨੇ ਦਬਾਅ ਬਣਾਉਂਦਿਆਂ 1 ਗੋਲ ਕੀਤਾ। ਪਹਿਲੇ ਚੱਕਰ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ ਗੋਲ ਬਣਾਉਣ ਦੀ ਸ਼ੁਰੂਆਤ ਕਰਦਿਆਂ 2 ਗੋਲ ਕੀਤੇ ਤੇ ਕਿਲਾ ਮੁਬਾਰਕ ਦੀ ਟੀਮ ਕੋਈ ਗੋਲ ਨਾ ਕਰ ਸਕੀ।
ਤੀਜੇ ਚੱਕਰ ਦੌਰਾਨ ਬਹਾਦਰਗੜ੍ਹ ਟੀਮ ਨੇ ਦਬਾਅ ਜਾਰੀ ਰੱਖਦਿਆਂ 4 ਹੋਰ ਗੋਲ ਕੀਤੇ, ਇਸ ਚੱਕਰ 'ਚ ਗੋਲ ਕਰਨ ਲਈ ਕਿਲਾ ਮੁਬਾਰਕ ਟੀਮ ਦੇ ਕਰਨਲ ਐਨ.ਐਸ. ਸੰਧੂ, ਗੁਰਪਾਲ ਸਿੰਘ ਸੰਧੂ ਨੂੰ ਬਹਾਦਰਗੜ੍ਹ ਟੀਮ ਦੇ ਅਰਜਨ ਅਵਾਰਡੀ, 5 ਹੈਂਡੀਕੈਪ ਕਰਨਲ ਰਵੀ ਰਾਠੌਰ ਤੇ ਰੋਹਾਨ ਸਹਾਰਨ ਵੱਲੋਂ ਸਖ਼ਤ ਟੱਕਰ ਦਿੱਤੀ ਗਈ।

ਆਖਰੀ ਚੱਕਰ 'ਚ ਕਿਲਾ ਮੁਬਾਰਕ ਟੀਮ ਦੇ ਰਜੇਸ਼ ਸਹਿਗਲ ਦੋ ਗੋਲ ਕਰਦਿਆਂ ਖੇਡ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਆਖਰੀ ਚੱਕਰ 'ਚ ਇਹ ਟੀਮ 5 ਗੋਲਾਂ 'ਤੇ ਸਿਮਟ ਗਈ। ਜਦੋਂਕਿ ਬਹਾਦਰਗੜ੍ਹ ਦੀ ਟੀਮ ਨੇ ਸਖ਼ਤ ਟੱਕਰ ਦਿੰਦਿਆਂ ਆਖਰੀ ਚੱਕਰ 'ਚ 7 ਗੋਲਾਂ ਨਾਲ ਮੁਕਾਬਲਾ ਜਿੱਤ ਲਿਆ।
ਇਸ ਤੋਂ ਮਗਰੋਂ ਸ. ਗੁਰਪਾਲ ਸਿੰਘ ਸੰਧੂ, ਸ੍ਰੀ ਰਜੇਸ਼ ਸਹਿਗਲ, ਪੀ.ਪੀ.ਐਸ. ਸਕੂਲ ਨਾਭਾ ਅਤੇ ਫ਼ੌਜ ਦੇ 61 ਕੈਵਲਰੀ ਦੇ ਘੋੜ ਸਵਾਰ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਇਨ੍ਹਾਂ ਜਾਨਦਾਰ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਆਦਿ ਕਰਤੱਬ ਦਿਖਾਏ।

ਕਿਲਾ ਮੁਬਾਰਕ ਦੀ ਟੀਮ 'ਚ ਸ੍ਰੀ ਰਾਜੇਸ਼ ਸਹਿਗਲ, ਸ. ਗੁਰਪਾਲ ਸਿੰਘ ਸੰਧੂ, ਕਰਨਲ ਐਨ.ਐਸ. ਸੰਧੂ ਅਤੇ ਸ੍ਰੀ ਜੈ ਸ਼ੇਰਗਿੱਲ ਸ਼ਾਮਲ ਸਨ। ਜਦੋਂਕਿ ਬਹਾਦਰਗੜ੍ਹ ਟੀਮ 'ਚ ਸ੍ਰੀ ਅਸ਼ਵਨੀ ਸ਼ਰਮਾ, ਦਫ਼ੇਦਾਰ ਵਿਜੇ ਸਿੰਘ, ਸ੍ਰੀ ਰੋਹਨ ਸਹਾਰਨ, ਅਰਜਨਾ ਅਵਾਰਡੀ ਕਰਨਲ ਰਵੀ ਰਾਠੌਰ ਵੀਐਸਐਮ ਸ਼ਾਮਲ ਸਨ। ਇਸ ਦੌਰਾਨ ਕਰਨਲ ਮਨੋਜ ਦਿਵਾਨ ਤੇ ਲੈਫ. ਕਰਨਲ ਪ੍ਰਤੀਕ ਮਿਸ਼ਰਾ ਨੇ ਅੰਪਾਇਰ ਵਜੋਂ ਅਤੇ ਰੈਫ਼ਰੀ ਵਜੋਂ ਕਰਨਲ ਆਰ.ਪੀ.ਐਸ. ਬਰਾੜ ਨੇ ਭੂਮਿਕਾ ਨਿਭਾਈ। ਜਦੋਂਕਿ ਕੁਮੈਂਟਰੀ ਕਰਨਲ ਸ਼ਕਤੀ ਰਾਠੌਰ ਨੇ ਬਾਖੂਬੀ ਕੀਤੀ।

ਇਸ ਕੈਪਟਨ ਅਮਰਜੀਤ ਸਿੰਘ ਜੇਜੀ, 1ਆਰਮਡ ਡਵੀਜਨ ਨਾਭਾ ਦੇ ਬ੍ਰਿਗੇਡੀਅਰ ਸ੍ਰੀ ਸੁਮਿਤ ਮਹਿਤਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਦੌਰਾਨ ਕਰਨਲ (ਰਿਟਾ.) ਪੀ.ਐਸ. ਗਰੇਵਾਲ, ਸ੍ਰੀ ਸੰਦੀਪ ਮਲਹੋਤਰਾ, ਸ੍ਰੀਮਤੀ ਬਿਮਲਾ ਸ਼ਰਮਾ, ਫ਼ੌਜੀ ਅਧਿਕਾਰੀ ਤੇ ਸੈਨਿਕ, ਪਟਿਆਲਾ ਦੇ ਕੌਂਸਲਰ, ਐਨ.ਸੀ.ਸੀ. ਕੈਡਿਟਸ, ਖ਼ਾਲਸਾ ਕਾਲਜ, ਯਾਦਵਿੰਦਰਾ ਪਬਲਿਕ ਸਕੂਲ, ਪੀ.ਪੀ.ਐਸ. ਨਾਭਾ ਆਦਿ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀ ਤੇ ਅਧਿਆਪਕਾਂ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਇਸ ਪੋਲੋ ਮੈਚ ਦਾ ਆਨੰਦ ਮਾਣਿਆ।


Shyna

Content Editor

Related News