ਪੰਜਾਬ ''ਚ ਲੜਕੀਆਂ ਦੀ ਜਨਮ ਦਰ ''ਚ ਪਟਿਆਲਾ ਮੋਹਰੀ, ਜਾਣੋ ਕੀ ਕਹਿੰਦੇ ਨੇ ਅੰਕੜੇ

12/30/2019 11:36:25 AM

ਪਟਿਆਲਾ (ਬਲਜਿੰਦਰ, ਰਾਣਾ) : ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ ਜਿਥੇ ਪਿਛਲੇ ਤਿੰਨ ਦਹਾਕਿਆਂ ਤੋਂ ਇਕ ਵੱਡੀ ਚਿੰਤਾ ਬਣੀ ਹੋਈ ਹੈ, ਉਥੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲੇ ਨੇ ਕਮਾਲ ਕਰਦੇ ਹੋਏ ਪੰਜਾਬ 'ਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਪੈਦਾਇਸ਼ 'ਚ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ। ਇਸ ਸਾਲ ਨਵੰਬਰ ਮਹੀਨੇ ਦੇ ਤਾਜ਼ਾ ਅੰਕੜਿਆਂ 'ਚ ਨਾ ਸਿਰਫ ਪਟਿਆਲਾ ਨੰਬਰ ਇਕ 'ਤੇ ਪਹੁੰਚ ਗਿਆ ਸਗੋਂ 1000 ਲੜਕਿਆਂ ਦੇ ਮੁਕਾਬਲੇ ਪਟਿਆਲਾ ਜ਼ਿਲੇ 'ਚ 1018 ਲੜਕੀਆਂ ਦਾ ਜਨਮ ਹੋਇਆ ਜੋ ਕਿ ਇਕ ਰਿਕਾਰਡ ਹੈ। ਇਕ ਦਹਾਕਾ ਪਹਿਲਾਂ ਉਹ ਸਮਾਂ ਵੀ ਕਿਸੇ ਨੂੰ ਨਹੀਂ ਭੁੱਲਿਆ ਜਦੋਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ 750 ਦੇ ਲਗਭਗ ਰਹਿ ਗਈ ਸੀ। ਸਰਕਾਰ ਇਸ ਮਾਮਲੇ 'ਚ ਸਰਗਰਮ ਹੋਈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀਆਂ ਮੁਹਿੰਮਾਂ ਚਲਾਈਆਂ। ਅੱਜ ਇਸ ਨੂੰ ਜਾਗਰੂਕਤਾ ਮੁਹਿੰਮਾਂ ਦਾ ਅਸਰ ਕਹੀਏ ਜਾਂ ਫਿਰ ਲੋਕਾਂ ਦੇ ਲੜਕੀਆਂ ਪ੍ਰਤੀ ਬਦਲਿਆ ਨਜ਼ਰੀਆ ਪਰ ਇਹ ਹਕੀਕਤ ਹੈ ਕਿ ਨਵੰਬਰ ਮਹੀਨੇ ਵਿਚ ਪਟਿਆਲਾ 'ਚ 1000 ਲੜਕਿਆਂ ਦੇ ਮੁਕਾਬਲੇ 1018 ਲੜਕੀਆਂ ਨੇ ਜਨਮ ਲਿਆ।

ਇਸੇ ਤਰ੍ਹਾਂ ਅਕਤੂਬਰ ਵਿਚ 1000 ਲੜਕਿਆਂ ਦੇ ਮੁਕਾਬਲੇ ਪਟਿਆਲਾ ਜ਼ਿਲੇ ਵਿਚ 1005 ਲੜਕੀਆਂ ਨੇ ਜਨਮ ਲਿਆ ਜੋ ਕਿ ਇਕ ਵਧੀਆ ਸੰਕੇਤ ਹੈ। ਦਸੰਬਰ ਮਹੀਨੇ ਦੀ ਔਸਤ ਆਉਣੀ ਅਜੇ ਬਾਕੀ ਹੈ। ਲਗਾਤਾਰ ਅੰਕੜਿਆਂ ਵਿਚ ਹੋ ਰਹੇ ਸੁਧਾਰ ਕਾਫੀ ਰਾਹਤ ਦੀ ਗੱਲ ਕਹੀ ਜਾ ਸਕਦੀ ਹੈ। ਇਸ ਮੁਹਿੰਮ ਨੂੰ ਲੈ ਕੇ ਭਾਵੇਂ ਅਕਾਲੀ-ਭਾਜਪਾ ਸਰਕਾਰ ਸੀ ਜਾਂ ਫਿਰ ਕਾਂਗਰਸ, ਦੋਵਾਂ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ। ਲਗਾਤਾਰ ਇਸ ਮਾਮਲੇ 'ਚ ਹੋਈ ਜਾਗਰੂਕਤਾ ਅਤੇ ਪਿਛਲੇ 2 ਦਹਾਕਿਆਂ 'ਚ ਲੜਕੀਆਂ ਵੱਲੋਂ ਹਰ ਫੀਲਡ 'ਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਕਾਰਣ ਲੋਕਾਂ ਦਾ ਨਜ਼ਰੀਆ ਬਦਲਿਆ। ਹੁਣ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਹੱਦ ਤੱਕ ਹੁਣ ਲੋਕ ਲੜਕੇ ਅਤੇ ਲੜਕੀ 'ਚ ਫਰਕ ਨਹੀਂ ਸਮਝ ਰਹੇ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ 1000 ਲੜਕੀਆਂ ਪਿੱਛੇ 930 ਲੜਕੀਆਂ ਸਨ। ਇਸ ਸਾਲ 1000 ਲੜਕਿਆਂ ਪਿੱਛੇ 1005 ਲੜਕੀਆਂ ਪੈਦਾ ਹੋਈਆਂ ਹਨ। ਇਸੇ ਤਰ੍ਹਾਂ ਨਵੰਬਰ ਮਹੀਨੇ ਵਿਚ ਪਿਛਲੇ ਸਾਲ 1000 ਲੜਕਿਆਂ ਪਿੱਛੇ 902 ਲੜਕੀਆਂ ਪੈਦਾ ਹੋਈਆਂ ਸਨ ਜਦੋਂ ਕਿ ਇਸ ਸਾਲ ਨਵੰਬਰ ਵਿਚ 1000 ਲੜਕਿਆਂ ਪਿੱਛੇ 1018 ਲੜਕੀਆਂ ਪੈਦਾ ਹੋਈਆਂ ਹਨ। ਇਹ ਲਿੰਗ ਅਨੁਪਾਤ ਦੀ ਇਕ ਵਧੀਆ ਉਦਾਹਰਣ ਕਹੀ ਜਾ ਸਕਦੀ ਹੈ ਕਿ ਪਟਿਆਲਾ ਜ਼ਿਲੇ ਵਿਚ ਲਿੰਗ ਅਨੁਪਾਤ ਵਿਚ ਵੱਡਾ ਸੁਧਾਰ ਹੋਇਆ ਹੈ।

ਅੰਕੜੇ ਮੂੰਹੋਂ ਬੋਲਦੇ ਹਨ

  2018 2019
ਜਨਵਰੀ 915 926
ਫਰਵਰੀ  1107 949
ਮਾਰਚ 920 916
ਅਪ੍ਰੈਲ 915 965
ਮਈ 939 952
ਜੂਨ 945 942
ਜੁਲਾਈ 902 972
ਅਗਸਤ 911 971
ਸਤੰਬਰ 919 992
ਅਕਤੂਬਰ 930 1005
ਨਵੰਬਰ 902 1018
ਦਸੰਬਰ 915  

ਕੀ ਕਹਿੰਦੇ ਹਨ ਸਿਵਲ ਸਰਜਨ?
ਇਸ ਮਾਮਲੇ ਵਿਚ ਜਦੋਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਵੰਬਰ ਮਹੀਨੇ 'ਚ ਪਟਿਆਲਾ ਵਿਚ 1000 ਲੜਕਿਆਂ ਪਿੱਛੇ 1018 ਲੜਕੀਆਂ ਪੈਦਾ ਹੋਈਆਂ ਜੋ ਕਿ ਲਿੰਗ ਅਨੁਪਾਤ ਦਾ ਇਕ ਬਿਹਤਰ ਅੰਕ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮਹਾਰਾਣੀ ਪ੍ਰਨੀਤ ਕੌਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਫੀ ਵੱਡੀ ਭੂਮਿਕਾ ਨਿਭਾਈ ਗਈ ਹੈ।

ਲੜਕੀਆਂ ਕਿਸੇ ਨਾਲੋਂ ਘੱਟ ਨਹੀਂ : ਮੈਡਮ ਵਾਲੀਆ
ਉੱਘੀ ਸਮਾਜ ਸੇਵਕਾ ਅਤੇ ਇਸ ਮੁਹਿੰਮ ਵਿਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਭੂਮਿਕਾ ਨਿਭਾਅ ਰਹੀ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਲੜਕੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਲੜਕਿਆਂ ਨਾਲੋਂ ਕਿਸੇ ਵੀ ਕੀਮਤ 'ਤੇ ਘੱਟ ਨਹੀਂ ਹਨ। ਇਹੀ ਕਾਰਨ ਹੈ ਕਿ ਹੁਣ ਲਗਾਤਾਰ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ। ਉਸ ਦੇ ਕਾਫੀ ਬਿਹਤਰੀਨ ਨਤੀਜੇ ਸਾਹਮਣੇ ਆਏ ਹਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕਾਂ ਨੇ ਇਸ ਭੇਦ-ਭਾਵ ਨੂੰ ਖਤਮ ਕੀਤਾ ਅਤੇ ਅੱਜ ਲੋਕ ਲੜਕੇ ਤੇ ਲੜਕੀ ਵਿਚ ਭੇਦਭਾਵ ਨਹੀਂ ਕਰ ਰਹੇ। ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਜ਼ਰੂਰੀ ਹੈ। ਮੈਡਮ ਵਾਲੀਆ ਨੇ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਇਹ ਜੋ ਅੰਕੜੇ ਸਾਹਮਣੇ ਆ ਰਹੇ ਹਨ, ਇਹ ਲੋਕਾਂ ਦੀ ਬਦਲੀ ਹੋਈ ਸੋਚ ਦੀ ਸਭ ਤੋਂ ਵੱਡੀ ਉਦਾਹਰਣ ਹੈ।
 


cherry

Content Editor

Related News