ਪਟਿਆਲਾ ''ਚ ਪਰਿਵਾਰਾਂ ਸਮੇਤ ਪੱਕਾ ਧਰਨਾ ਲਾਉਣਗੇ ਸਿਹਤ ਕਾਮੇ

Wednesday, Jan 03, 2018 - 03:31 PM (IST)

ਪਟਿਆਲਾ ''ਚ ਪਰਿਵਾਰਾਂ ਸਮੇਤ ਪੱਕਾ ਧਰਨਾ ਲਾਉਣਗੇ ਸਿਹਤ ਕਾਮੇ

ਸੁਰਸਿੰਘ/ ਭਿੱਖੀਵਿੰਡ/ ਬੀੜ ਸਾਹਿਬ (ਭਾਟੀਆ, ਬਖਤਾਵਰ) - ਹਾਲ 'ਚ ਹੀ ਸਿਹਤ ਵਿਭਾਗ ਵੱਲੋਂ ਚੁਣੇ ਗਏ ਮਲਟੀਪਰਪਜ਼ ਹੈਲਥ ਵਰਕਰ ਆਪਣੀ ਨੌਕਰੀ ਹਾਸਲ ਕਰਨ ਲਈ ਹੁਣ ਤਿੱਖਾ ਅੰਦੋਲਨ ਵਿੱਢਣ ਦੀ ਤਿਆਰੀ 'ਚ ਹਨ। ਸਿਲੈਕਟਡ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਬੈਨਰ ਹੇਠ ਅੱਜ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮੰਗ ਪੱਤਰ ਦਿੰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ 7 ਜਨਵਰੀ ਤੋਂ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਪੱਕਾ ਧਰਨਾ ਲਾਇਆ ਜਾ ਰਿਹਾ ਹੈ। 
ਯੂਨੀਅਨ ਦੇ ਜ਼ਿਲਾ ਪ੍ਰਧਾਨ ਦਵਿੰਦਰ ਸਿੰਘ ਅਤੇ ਪ੍ਰੈੱਸ ਸਕੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਾਣਯੋਗ ਹਾਈਕੋਰਟ ਵੱਲੋਂ ਨਿਯੁਕਤੀ ਪੱਤਰ ਦੇਣ 'ਤੇ ਲਾਈ ਰੋਕ ਪ੍ਰਤੀ ਕੋਈ ਪੈਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਬਾਕਾਇਦਾ ਯੋਗ ਪ੍ਰਣਾਲੀ ਰਾਹੀਂ ਚੁਣੇ ਗਏ 919 ਸਿਹਤ ਕਾਮਿਆਂ ਨੂੰ ਸੜਕਾਂ ਦੇ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਵਰਕਰਾਂ ਦੀਆਂ 1500 ਦੇ ਕਰੀਬ ਖਾਲੀ ਪਈਆਂ ਹੋਣ ਦੇ ਬਾਵਜੂਦ ਸਿਹਤ ਵਿਭਾਗ ਇਨ੍ਹਾਂ ਅਸਾਮੀਆਂ ਨੂੰ ਭਰਨ ਪ੍ਰਤੀ ਕੋਈ ਕਦਮ ਨਹੀਂ ਚੁੱਕ ਰਿਹਾ। 
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਕੇਸ ਦੀ ਪੈਰਵਾਈ ਕਰਨ ਲਈ ਲੋੜੀਂਦੀਆਂ ਹਦਾਇਤਾਂ ਨਾ ਜਾਰੀ ਕੀਤੀਆਂ ਤਾਂ ਯੂਨੀਅਨ ਆਪਣੇ ਧਰਨੇ ਨੂੰ ਮਰਨ ਵਰਤ 'ਚ ਤਬਦੀਲ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਗੁਰਸੇਵਕ ਸਿੰਘ, ਅਮਨਦੀਪ ਸਿੰਘ ਤੇ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।


Related News