ਚਾਰੇ ਵਿਧਾਇਕਾਂ ਨਾਲ ਰਾਬਤਾ ਰੱਖਣ ਵਾਲੇ ਸਰਪੰਚ ਅਤੇ ਚੇਅਰਮੈਨ ਵੀ ਬਾਗ਼ੀ ਹੋਣ ਦੇ ਰੌਂਅ ''ਚ

12/04/2019 11:20:43 AM

ਪਟਿਆਲਾ/ਰੱਖੜਾ (ਰਾਣਾ): ਪਿਛਲੇ 2 ਹਫਤਿਆਂ ਤੋਂ ਕਾਂਗਰਸੀ ਵਿਧਾਇਕਾਂ ਦੀ ਆਪਣੀ ਸਰਕਾਰ ਖਿਲਾਫ ਹੀ ਕੀਤੀ ਜਾ ਰਹੀ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਆਪਣੇ ਵਿਦੇਸ਼ੀ ਦੌਰੇ 'ਤੋਂ ਪਰਤ ਆਏ ਹਨ। ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਰਾਜਪੁਰਾ, ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ, ਕਾਕਾ ਰਾਜਿੰਦਰ ਸਿੰਘ ਸਮਾਣਾ ਅਤੇ ਨਿਰਮਲ ਸਿੰਘ ਸ਼ੁਤਰਾਣਾ ਪਹਿਲੇ ਵਿਧਾਇਕ ਨਹੀਂ, ਜਿਨ੍ਹਾਂ ਨੇ ਆਪਣੀ ਸਰਕਾਰ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਹੈ, ਇਸ ਤੋਂ ਪਹਿਲਾਂ ਕਾਕਾ ਰਣਦੀਪ ਸਿੰਘ ਅਮਲੋਹ, ਸੁਰਜੀਤ ਸਿੰਘ ਧੀਮਾਨ ਅਮਰਗੜ੍ਹ ਅਤੇ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਸਮੇਤ ਕਈ ਹੋਰ ਵਿਧਾਇਕ ਵੀ ਕੈਪਟਨ ਖਿਲਾਫ ਬਗਾਵਤੀ ਸੁਰ ਅਲਾਪ ਚੁੱਕੇ ਹਨ।ਇਸ ਤੋਂ ਇਲਾਵਾ ਬਾਗੀ ਵਿਧਾਇਕਾਂ ਨੇ ਕੈਪਟਨ ਵੱਲੋਂ ਆਪਣੇ ਹੀ ਵਿਧਾਇਕਾਂ ਨੂੰ ਨਾ ਮਿਲਣਾ ਅਤੇ ਉਨ੍ਹਾਂ ਦੇ ਹਲਕਿਆਂ ਵਿਚ ਪਸੰਦੀਦਾ ਅਫਸਰਾਂ ਦੀ ਨਿਯੁਕਤੀ ਨਾ ਕਰਨਾ ਅਤੇ ਹਲਕੇ ਦੇ ਲੋਕਾਂ ਦੀ ਮੰਗ ਮੁਤਾਬਕ ਵਿਕਾਸ ਕਾਰਜਾਂ ਦੀ ਸੁਣਵਾਈ ਨਾ ਹੋਣ ਦੇ ਜੋ ਉਲਾਂਭੇ ਦਿੱਤੇ ਹਨ, ਉਸ ਨਾਲ ਉਨ੍ਹਾਂ ਦੇ ਹਲਕਿਆਂ ਦੀ ਜਨਤਾ ਪਹਿਲਾਂ ਨਾਲੋਂ ਵੀ ਵੱਧ ਉਨ੍ਹਾਂ ਨਾਲ ਜੁੜ ਚੁੱਕੀ ਹੈ।

ਸੂਤਰਾਂ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿਚ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜ਼ਿਲੇ ਦੇ ਵਿਧਾਇਕਾਂ ਨੂੰ ਹੀ ਮਨਾਉਣ ਵਿਚ ਅਸਫਲ ਹੁੰਦੇ ਹਨ ਤਾਂ ਕਈ ਚੇਅਰਮੈਨ, ਵਾਈਸ-ਚੇਅਰਮੈਨ, ਸਾਬਕਾ ਚੇਅਰਮੈਨਾਂ ਸਮੇਤ ਜ਼ਿਲੇ ਦੇ ਅਨੇਕਾਂ ਮੌਜੂਦਾ ਅਤੇ ਸਾਬਕਾ ਸਰਪੰਚ ਤੇ ਕਲੱਬਾਂ ਦੇ ਪ੍ਰਧਾਨਾਂ ਤੋਂ ਇਲਾਵਾ ਕਾਂਗਰਸੀ ਆਗੂ ਅਸਤੀਫਿਆਂ ਦੀ ਝੜੀ ਲਾ ਕੇ ਆਪਣੀ ਹੀ ਸਰਕਾਰ ਖਿਲਾਫ ਬਗਾਵਤ ਦਾ ਝੰਡਾ ਹੋਰ ਉੱਚਾ ਕਰ ਦੇਣਗੇ। ਇਸ ਨਾਲ ਜ਼ਿਲੇ ਅੰਦਰ ਕਾਂਗਰਸ ਦੀ ਹਾਲਤ ਪਹਿਲਾਂ ਨਾਲੋਂ ਵੀ ਪਤਲੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਪ੍ਰਨੀਤ ਕੌਰ ਨੇ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤੀ ਹੈ ਤਾਂ ਉਹ ਸਮੁੱਚੇ ਹਲਕਿਆਂ ਦੇ ਵਿਧਾਇਕਾਂ ਵੱਲੋਂ ਕੀਤੀ ਮਿਹਨਤ ਦਾ ਹੀ ਨਤੀਜਾ ਹੈ। ਹੁਣ ਮੁੱਖ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੀ ਧਰਮ-ਪਤਨੀ ਵੱਲੋਂ ਵੀ ਵਿਧਾਇਕਾਂ ਅਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ।

ਸਿੱਧੂ ਜੋੜੀ ਨੂੰ 'ਜ਼ੱਦੀ ਰਿਹਾਇਸ਼' 'ਤੇ ਪਰਤਣ ਲਈ ਆਉਣ ਲੱਗੇ ਫੋਨ
ਕਾਂਗਰਸੀ ਵਿਧਾਇਕਾਂ ਵੱਲੋਂ ਖੁੱਲ੍ਹ ਕੇ ਆਪਣੀ ਸਰਕਾਰ ਖਿਲਾਫ ਮੈਦਾਨ-ਏ-ਜੰਗ ਵਿਚ ਆਉਣ ਤੋਂ ਬਾਅਦ ਭਾਵੇਂ ਕਾਂਗਰਸੀ ਵਿਧਾਇਕ ਦੇ ਲੜਕੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਧਰਮ-ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਮਿਲ ਕੇ ਮੀਟਿੰਗ ਕਰਨ ਦਾ ਮੁੱਦਾ ਪੂਰੀ ਕਾਂਗਰਸ ਪਾਰਟੀ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਹੁਣ ਸੂਤਰਾਂ ਮੁਤਾਬਕ ਜ਼ਿਲੇ ਦੇ ਬਹੁਤੇ ਕਾਂਗਰਸੀ ਵਿਧਾਇਕਾਂ ਅਤੇ ਸਿਰਮੌਰ ਆਗੂਆਂ ਦੇ ਫੋਨ ਸਿੱਧੂ ਜੋੜੀ ਨੂੰ ਆਉਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਪਟਿਆਲਾ ਤੋਂ ਮੁੜ ਸਿਆਸੀ ਸਫਰ ਸ਼ੁਰੂ ਕਰਨ ਲਈ 'ਜ਼ੱਦੀ ਰਿਹਾਇਸ਼' ਵਿਖੇ ਕੈਂਪ ਹਾਊਸ ਬਣਾਉਣ ਲਈ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਤਾਂ ਜੋ ਸੂਬੇ ਦੀ ਤਰੱਕੀ ਲਈ ਨਵੇਂ ਸਿਰਿਓਂ ਜੰਗੀ ਪੱਧਰ 'ਤੇ ਸ਼ੁਰੂਆਤ ਕੀਤੀ ਜਾ ਸਕੇ। ਜਿਹੜੇ ਲੋਕਾਂ ਨੇ ਕਾਂਗਰਸ ਸਰਕਾਰ ਬਣਾਈ ਹੈ, ਉਨ੍ਹਾਂ ਨੂੰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੀ ਤਰੱਕੀ ਲਈ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ।


Shyna

Content Editor

Related News