ਗੁਰੂ-ਚੇਲੇ ਇਕੱਠੇ ਬਣੇ ਮੈਂਬਰ ਪਾਰਲੀਮੈਂਟ

Friday, May 24, 2019 - 10:08 AM (IST)

ਗੁਰੂ-ਚੇਲੇ ਇਕੱਠੇ ਬਣੇ ਮੈਂਬਰ ਪਾਰਲੀਮੈਂਟ

ਪਟਿਆਲਾ/ਰੱਖੜਾ(ਰਾਣਾ)—ਭਾਰਤ ਦੀ ਰਾਜਨੀਤੀ ਵਿਚ ਇਕ ਪਾਸੇ ਰਾਜ ਨੇਤਾਵਾਂ ਨੂੰ ਚੋਣ ਅਮਲ ਰਾਹੀਂ ਲੋਕ ਫਤਵਾ ਲੈ ਕੇ ਲੋਕ ਸਭਾ ਵਿਚ ਭੇਜਣਾ ਤੇ ਲੋਕ ਭਲਾਈ ਕਰਦਿਆਂ ਸਰਕਾਰੀ-ਤੰਤਰ ਨੂੰ ਚਲਾਉਣਾ ਸੀ, ਦੂਜੇ ਪਾਸੇ ਦੇਸ਼ ਦੇ ਨਾਮੀ ਕਲਾਕਾਰ, ਲੇਖਕ, ਪੱਤਰਕਾਰਾਂ, ਧਾਰਮਕ ਸ਼ਖਸੀਅਤਾਂ ਤੇ ਸਮਾਜ-ਸੇਵਕਾਂ ਨੂੰ ਰਾਜ ਸਭਾ ਵਿਚ ਨਾਮਜ਼ਦਗੀ ਅਮਲ ਰਾਹੀਂ ਭੇਜ ਕੇ ਉਨ੍ਹਾਂ ਦਾ ਸਤਿਕਾਰ ਵਧਾਇਆ ਜਾਂਦਾ ਸੀ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਇਹ ਅਮਲ ਉਲਟ ਦੇਖਣ ਨੂੰ ਮਿਲਿਆ। ਪੰਜਾਬ ਅੰਦਰ 3 ਕਲਾਕਾਰ ਅਤੇ ਇਕ ਪੰਜਾਬੀ ਕਲਾਕਾਰ ਨੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਇਕ ਨਵਾਂ ਤੇ ਅਨੋਖਾ ਰਿਕਾਰਡ ਬਣਾ ਦਿੱਤਾ ਹੈ। ਇਨ੍ਹਾਂ ਵਿਚ ਭਗਵੰਤ ਸਿੰਘ ਮਾਨ ਸੰਗਰੂਰ ਤੋਂ, ਮੁਹੰਮਦ ਸਦੀਕ ਫਰੀਦਕੋਟ ਤੋਂ, ਸਨੀ ਦਿਓਲ ਗੁਰਦਾਸਪੁਰ ਤੋਂ ਅਤੇ ਹੰਸ ਰਾਜ ਹੰਸ ਨੇ ਦਿੱਲੀ ਤੋਂ ਜਿੱਤ ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਦੋਗਾਣਾ ਲੋਕ-ਗਾਇਕ ਮੁਹੰਮਦ ਸਦੀਕ ਅਤੇ ਉਸ ਦਾ ਚੇਲਾ ਭਗਵੰਤ ਸਿੰਘ ਮਾਨ ਇਕੱਠਿਆਂ ਮੈਂਬਰ ਪਾਰਲੀਮੈਂਟ ਬਣ ਗਏ ਹਨ। ਕਾਮੇਡੀ ਕਿੰਗ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੇ ਭਗਵੰਤ ਸਿੰਘ ਮਾਨ ਕਿਸੇ ਸਮੇਂ ਉਸਤਾਦ ਮੁਹੰਮਦ ਸਦੀਕ ਨਾਲ ਗਾਉਣ ਸਮੇਂ ਪਿੱਛੇ ਖੜ੍ਹ ਕੇ ਕੋਰਸ ਬੋਲਦੇ ਸਨ। ਜਨਾਬ ਮੁਹੰਮਦ ਸਦੀਕ ਨੇ ਜਿੱਥੇ ਗਾਇਕੀ ਵਿਚ ਲੋਹਾ ਮੰਨਵਾਇਆ, ਉਥੇ ਹੀ ਪਹਿਲੀ ਵਾਰ ਭਦੌੜ ਤੋਂ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਦੀ ਚੋਣ ਜਿੱਤੇ। ਇਸੇ ਤਰ੍ਹਾਂ ਉਨ੍ਹਾਂ ਦੇ ਚੇਲੇ ਭਗਵੰਤ ਮਾਨ ਨੇ ਜਿੱਥੇ ਕਾਮੇਡੀ ਵਿਚ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ, ਉਥੇ ਹੀ ਸੰਗਰੂਰ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਇਕ ਵਾਰ ਐੈੱਮ. ਪੀ. ਬਣਨ ਵਾਲੇ ਲੀਡਰ ਨੂੰ ਲੋਕਾਂ ਦੇ ਪਿਆਰ ਨੇ ਮੁੜ ਦੂਜੀ ਵਾਰ ਬਤੌਰ ਐੈੱਮ. ਪੀ. ਜਿਤਾਇਆ।


author

Shyna

Content Editor

Related News