ਪਠਾਨਕੋਟ ਚੌਕ ’ਚ ਸੜਕ ’ਤੇ ਰੋਜ਼ਾਨਾ ਹੀ ਲੱਗਦੀ ਹੈ ਸ਼ਰਾਬ ਦੀ ਮਹਿਫ਼ਲ!

Friday, Aug 03, 2018 - 06:09 AM (IST)

ਪਠਾਨਕੋਟ ਚੌਕ ’ਚ ਸੜਕ ’ਤੇ ਰੋਜ਼ਾਨਾ ਹੀ ਲੱਗਦੀ ਹੈ ਸ਼ਰਾਬ ਦੀ ਮਹਿਫ਼ਲ!

ਜਲੰਧਰ,  (ਬੁੁਲੰਦ)-  ਜਲੰਧਰ  ਸ਼ਹਿਰ ’ਚ ਸ਼ਰਾਬ ਮਾਫੀਆ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਪੁਲਸ ਤੇ ਐਕਸਾਈਜ਼  ਵਿਭਾਗ ਦੇ ਹੱਥ ਖਾਲੀ ਦਿਖਾਈ ਦਿੰਦੇ ਹਨ। ਆਲਮ ਇਹ ਹੈ ਕਿ ਸ਼ਰਾਬ ਦੇ ਕਾਰੋਬਾਰ ਨਾਲ ਸਬੰਧਿਤ ਲੋਕ ਕਾਨੂੰਨ ਦੀਆਂ ਸ਼ਰੇਆਮ ਧੱਜੀਆ ਉਡਾ ਰਹੇ ਹਨ  ਪਰ ਇਸ ਬਾਰੇ ਪੁਲਸ ਵਿਭਾਗ ਤੇ ਐਕਸਾਈਜ਼ ਵਿਭਾਗ ਕੋਈ ਸਖ਼ਤੀ ਵਰਤਦਾ ਨਜ਼ਰ ਨਹੀਂ ਆ ਰਿਹਾ। 
ਨਾਕਾ ਵੀ ਕੋਲ  ਤੇ ਪੁਲਸ ਸਟੇਸ਼ਨ ਵੀ ਪਰ ਕਾਨੂੰਨ ਟੰਗਿਆ ਛਿੱਕੇ ’ਤੇ
ਇਸ ਤਰ੍ਹਾਂ ਦਾ ਹੀ ਨਜ਼ਾਰਾ ਇਨ੍ਹੀਂ ਦਿਨੀ ਰੋਜ਼ਾਨਾ ਦੁਪਿਹਰ ਤੋਂ ਬਾਅਦ ਪਠਾਨਕੋਟ  ਚੌਕ ’ਚ  ਦੇਖਣ ਨੂੰ ਮਿਲਦਾ ਹੈ। ਜਿੱਥੇ ਚੌਕ ’ਚ  ਖੁੱਲ੍ਹੇ  ਠੇਕੇ   ਦੇ ਬਾਹਰ ਲੱਗੇ  ਵਾਟਰ ਕੂਲਰ ਦੇ ਕੋਲ ਸ਼ਰਾਬ ਪੀਣ ਵਾਲਿਅਾਂ ਦੀ ਭੀੜ ਇਕੱਠੀ ਹੋ ਜਾਂਦੀ  ਹੈ। ਆਲਮ ਇਹ ਰਹਿੰਦਾ ਹੈ ਕਿ ਇਸ ਜਗ੍ਹਾ ਤੋਂ  ਕੁੱਝ  ਦੂਰੀ ’ਤੇ  ਹੀ  ਥਾਣਾ  ਨੰ.  8  ਹੈ  ਤੇ  ਨਾਕਾ   ਵੀ  ਨਜ਼ਦੀਕ  ਹੀ  ਲੱਗਾ   ਰਹਿੰਦਾ  ਹੈ  ਪਰ  ਇਸ  ਚੌਕ  ਤੋਂ  ਸ਼ਰਾਬ  ਲੈ  ਕੇ   ਇਥੇ  ਸੜਕ ’ਤੇ ਹੀ ਪੀਣ  ਵਾਲਿਅਾਂ  ਦੀ   ਕੋਈ  ਕਮੀ  ਨਹੀਂ ਹੈ  ਜਿਸ  ਤੋਂ  ਸਾਫ  ਪਤਾ  ਲਗਦਾ  ਹੈ  ਕਿ   ਕਾਨੂੰਨ  ਨੂੰ  ਛਿਕੇ  ਟੰਗ  ਕੇ  ਸੜਕ ’ਤੇ   ਹੀ  ਸ਼ਰਾਬ  ਪਰੋਸੀ  ਜਾ  ਰਹੀ  ਹੈ। 
ਸੜਕ ਬਣੀ ਅਹਾਤਾ       
ਇੰਨਾ  ਹੀ  ਨਹੀਂ ਇਸ  ਠੇਕੇ  ਦੇ  ਕੋਲ  ਹੀ  ਰੋਜ਼ਾਨਾ ਕਈ  ਬੱਚੇ ਤੇ ਔਰਤਾਂ ਭੋਗਪੁਰ, ਟਾਂਡਾ, ਮੁਕੇਰੀਅਾਂ ਅਤੇ ਪਠਾਨਕੋਟ ਦੇ ਲਈ ਬੱਸਾਂ ਫੜਨ ਲਈ ਖੜ੍ਹੇ  ਹੁੰਦੇ ਹਨ  ਪਰ ਉਨ੍ਹਾਂ ਦਾ ਵੀ ਸ਼ਰਾਬੀਆਂ ਨੂੰ ਕੋਈ  ਖਿਆਲ  ਨਹੀਂ  ਰਹਿੰਦਾ  ਅਤੇ ਸ਼ਰੇਆਮ   ਸੜਕ ’ਤੇ  ਹੀ  ਗਲਾਸੀ  ਖੜਕਾਉਂਦੇ  ਹਨ। ਕੋਲੋਂ ਹੀ ਦੁਕਾਨਾਂ ਤੋਂ ਨਮਕੀਨ ਤੇ ਚਿਕਨ ਆਦਿ ਪਲੇਟਾਂ ’ਚ ਪਾ ਕੇ  ਇਹ  ਸ਼ਰਾਬੀ  ਸੜਕ ’ਤੇ  ਹੀ  ਸ਼ਰਾਬ  ਪੀਣ ਬੈਠ  ਜਾਂਦੇ ਹਨ। ਕਹਿਣ  ਦਾ  ਮਤਲਬ   ਸਰਕਾਰੀ  ਸੜਕ  ਪੂਰੀ  ਤਰ੍ਹਾਂ  ਨਾਲ  ਅਹਾਤੇ ਦਾ  ਰੂਪ ਧਾਰਨ  ਕਰ ਚੁੱਕੀ ਹੈ। 
ਠੇਕਾ ਹਟਾਇਆ  ਜਾਵੇ  ਨਹੀ  ਤਾਂ  ਮਿਲਾਂਗਾ ਸੀ. ਪੀ. ਨੂੰ : ਪਰਮਜੀਤ ਰੇਰੂ  
ਇਸ ਮਾਮਲੇ ਬਾਰੇ ਇਲਾਕਾ ਕੌਂਸਲਰ ਪਰਮਜੀਤ ਸਿੰਘ ਰੇਰੂ ਦਾ  ਕਹਿਣਾ ਹੈ ਕਿ ਪਹਿਲੀ  ਗੱਲ ਤਾਂ ਇਹ ਹੈ ਕਿ ਮੁੱਖ ਚੌਕ ਜਾਂ ਸੜਕ ’ਤੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ  ਪਰ ਇਥੇ ਤਾਂ ਮਿੰਨੀ ਬੱਸ ਸਟੈਂਡ ਹੈ ਜਿੱਥੇ ਬੱਚੇ ਤੇ ਔਰਤਾਂ ਬੱਸਾਂ ਦਾ ਇੰਤਜ਼ਾਰ ਕਰਦੇ ਹਨ ਅਤੇ ਇਥੇ ਸ਼ਰਾਬ ਦਾ ਠੇਕਾ ਹੈ। ਸੜਕ ’ਤੇ ਸ਼ਰਾਬ ਪੀਣਾ ਤਾਂ ਅਪਰਾਧ ਤੋਂ ਵੀ ਵੱਧ  ਹੈ। ਉਨ੍ਹਾਂ ਨੇ ਕਿਹਾ ਕਿ ਇਥੋਂ ਸ਼ਰਾਬ ਦਾ ਠੇਕਾ ਜਲਦੀ ਹਟਾਉਣਾ ਚਾਹੀਦਾ ਹੈ, ਨਹੀਂ ਤਾਂ ਉਹ ਇਸ ਮਾਮਲੇ ਦੇ ਸਬੰਧ ’ਚ ਪੁਲਸ ਕਮਿਸ਼ਨਰ ਨੂੰ ਮਿਲਣਗੇ।


Related News