ਹੁਣ ਬੋਰਵੈੱਲ ਲਈ ਪੁੱਟੇ ਟੋਏ 'ਚ ਡਿੱਗਾ 4 ਸਾਲਾ ਬੱਚਾ (ਵੀਡੀਓ)

06/14/2019 3:53:29 PM

ਪਠਾਨਕੋਟ (ਧਰਮਿੰਦਰ ਠਾਕੁਰ,ਆਦਿਤਯ) : ਜ਼ਿਲਾ ਸੰਗਰੂਰ 'ਚ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਸਿੰਘ ਨੂੰ ਲੈ ਕੇ ਅਜੇ ਲੋਕਾਂ ਦਾ ਸੂਬਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਗੁੱਸਾ ਠੰਡਾ ਵੀ ਨਹੀਂ ਹੋਇਆ ਕਿ ਅੱਜ ਸਵੇਰੇ ਵਿਧਾਨ ਸਭਾ ਹਲਕਾ ਭੇਆ ਦੇ ਪਿੰਡ ਮੈਰਾ ਕੀੜੀ (ਜੰਮੂ-ਕਸ਼ਮੀਰ) 'ਚ ਇਕ ਹੋਰ 4 ਸਾਲਾ ਬੱਚਾ ਪ੍ਰਦੀਪ ਸਿੰਘ ਖੇਡਦੇ ਹੋਏ (ਬੋਰਵੈੱਲ) ਖੂਹ 'ਚ ਜਾ ਡਿੱਗਿਆ, ਜਿਸ ਕਾਰਨ ਲੋਕਾਂ ਨੇ ਬੜੀ ਮਿਹਨਤ ਕਰ ਕੇ ਖੁਦ ਹੀ ਰੱਸੀਆਂ ਦੇ ਸਹਾਰੇ ਬੱਚੇ ਨੂੰ ਬਾਹਰ ਕੱਢ ਲਿਆ।

ਉਕਤ ਬੱਚੇ ਦੇ ਪਰਿਵਾਰ ਵਾਲੇ ਤੇ ਲੋਕ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰ ਨੇ ਬੱਚੇ ਦੀ ਜਾਂਚ ਕਰ ਕੇ ਦੇਖਿਆ ਕਿ ਬੱਚੇ ਦੀ ਲੱਤ ਟੁੱਟ ਚੁੱਕੀ ਹੈ। ਬੱਚੇ ਦੇ ਪਿਤਾ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲ ਗੁਆਂਢੀਆਂ ਨੇ ਬੋਰਵੈੱਲ ਲਾਉਣ ਲਈ ਪਿਛਲੇ ਚਾਰ-ਪੰਜ ਦਿਨਾਂ ਤੋਂ 20 ਫੁੱਟ ਡੂੰਘਾ ਖੂਹ ਪੁੱਟਿਆ ਹੋਇਆ ਸੀ ਤੇ ਉਸ ਨੂੰ ਤਰਪਾਲ ਨਾਲ ਢਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਦਾ ਬੇਟਾ ਪ੍ਰਦੀਪ ਘਰ ਕੋਲ ਖੇਡ ਰਿਹਾ ਸੀ, ਤਦ ਖੇਡਦੇ-ਖੇਡਦੇ ਉਹ ਉਕਤ ਖੂਹ 'ਚ ਜਾ ਡਿੱਗਿਆ ਤੇ ਖੂਹ 'ਚ ਡਿੱਗਦੇ ਹੀ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਰੋਣ ਦੀ ਆਵਾਜ਼ ਸੁਣ ਕੇ ਲੋਕ ਤੇ ਉਹ ਦੌੜ ਕੇ ਆਏ ਤੇ ਦੇਖਿਆ ਕਿ ਬੱਚਾ ਖੂਹ 'ਚ ਡਿੱਗਣ ਕਾਰਨ ਰੋ ਰਿਹਾ ਹੈ। ਉਨ੍ਹਾਂ ਖੁਦ ਹੀ ਰੱਸੀਆਂ ਦੇ ਸਹਾਰੇ ਉਸ ਨੂੰ ਬਾਹਰ ਕੱਢਿਆ। ਉੱਥੇ ਹੀ ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬੋਰਵੈੱਲ ਲਈ ਖੂਹ ਪੁੱਟਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਕੰਮ ਦੇ ਖਤਮ ਹੋਣ ਉਪਰੰਤ ਉਸ ਨੂੰ ਚੰਗੀ ਤਰ੍ਹਾਂ ਢਕਿਆ ਜਾਵੇ ਤਾਂ ਜੋ ਉਸ 'ਚ ਕੋਈ ਬੱਚਾ ਨਾ ਡਿੱਗ ਸਕੇ। ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਖਬਰ ਖੇਤਰ 'ਚ ਅੱਗ ਵਾਂਗ ਫੈਲ ਗਈ।


cherry

Content Editor

Related News