ਜੰਮੂ ਜਾਣ ਵਾਲੇ ਯਾਤਰੀਆਂ ਦੀ ਗਿਣਤੀ ''ਚ 40 ਫੀਸਦੀ ਕਮੀ

Monday, Aug 05, 2019 - 04:00 PM (IST)

ਜੰਮੂ ਜਾਣ ਵਾਲੇ ਯਾਤਰੀਆਂ ਦੀ ਗਿਣਤੀ ''ਚ 40 ਫੀਸਦੀ ਕਮੀ

ਪਠਾਨਕੋਟ : ਸ੍ਰੀ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਜੰਮੂ-ਕਸ਼ਮੀਰ ਤੋਂ ਸ਼ਰਧਾਲੂਆਂ ਨੂੰ ਵਾਪਸ ਭੇਜਣ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਜੰਮੂ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ 40 ਫੀਸਦੀ ਤੱਕ ਦੀ ਕਮੀ ਆ ਗਈ ਹੈ। ਯਾਤਰੀਆਂ ਦੀ ਕਮੀ ਦੇ ਕਾਰਨ ਪਠਾਨਕੋਟ ਬੱਸ ਸਟੈਂਡ 'ਤੇ ਜੰਮੂ ਕਾਊਂਟਰ ਵੀ ਸੁੰਨਾ ਪਿਆ ਹੈ। ਉਥੇ ਹੀ ਜੰਮੂ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਦੀ ਸੰਖਿਆ ਵੱਧ ਗਈ ਹੈ। ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਦੇ ਚੀਫ ਬੁਕਿੰਗ ਸੁਪਰਵਾਇਜ਼ਰ ਧਰਮਪਾਲ ਦਾ ਕਹਿਣਾ ਹੈ ਕਿ ਇਥੋਂ ਰੋਜ਼ਾਨਾਂ ਔਸਤ 150 ਤੋਂ ਵੱਧ ਯਾਤਰੀ ਜੰਮੂਤਵੀ ਅਤੇ ਕਟੜਾ ਵੱਲ ਸਫਰ ਕਰਦੇ ਸੀ। ਸ਼ਨੀਵਾਰ ਤੇ ਐਤਵਾਰ ਦੋ ਦਿਨਾਂ 'ਚ ਕਰੀਬ 95 ਹੀ ਟਿਕਟਾਂ ਵਿਕੀਆਂ। ਅੰਮ੍ਰਿਤਸਰ ਤੇ ਜਲੰਧਰ ਜਾਣ ਵਾਲੇ ਯਾਤਰੀਆਂ 'ਚ ਕਰੀਬ ਪੰਜ ਫੀਸਦੀ ਵਾਧਾ ਹੋਇਆ। ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਚੀਫ ਬੁਕਿੰਗ ਸੁਪਵਾਇਜ਼ਰ ਲੇਖ ਰਾਜ ਜੀ ਦਾ ਕਹਿਣਾ ਹੈ ਕਿ ਜੰਮੂ ਵੱਲ ਤਾਂ ਕੁਝ ਲੋਕ ਹੀ ਜਾ ਰਹੇ ਹਨ ਪਰ ਉਧਰੋਂ ਆਉਣ ਵਾਲੀਆਂ ਟ੍ਰੇਨਾਂ ਦੇ ਕੋਚ ਭਰੇ ਹੋਏ ਹਨ। ਯਾਤਰੀਆਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਲਈ ਪੁਲਸ ਨੇ ਮਾਧੋਪੁਰ ਨਾਕੇ 'ਤੇ 20 ਤੋਂ ਵੱਧ ਜਵਾਨ ਤਾਇਨਾਤ ਕਰ ਦਿੱਤੇ ਹਨ। ਐਤਵਾਰ ਨੂੰ ਸੜਕ ਮਾਰਗ ਤੋਂ ਜੰਮੂ-ਕਸ਼ਮੀਰ ਤੋਂ ਮਾਤਰ 35 ਤੋਂ 40 ਫੀਸਦੀ ਯਾਤਰੀ ਆਏ। 

ਰੇਲਵੇ ਪਠਾਨਕੋਟ ਡਿਪੋ ਦੇ ਇੰਚਾਰਜ਼ ਸੋਮਰਾਜ ਦਾ ਕਹਿਣਾ ਹੈ ਕਿ ਸ਼੍ਰੀਨਗਰ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਏਅਰਫੋਰਸ ਸਟੇਸ਼ਨ ਆਏ 185 ਯਾਤਰੀਆਂ ਨੂੰ ਚਾਰ ਬੱਸਾਂ 'ਚ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਪਹੁੰਚਾਇਆ ਗਿਆ। 50 ਯਾਤਰੀਆਂ ਨੂੰ ਪਠਾਨਕੋਟ ਕੈਂਟ ਸਟੇਸ਼ਨ ਪਹੁੰਚਾਇਆ ਗਿਆ ਜਦਕਿ 135 ਯਾਤਰੀ ਜਲੰਧਰ, ਅੰਮ੍ਰਿਤਸਰ ਤੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਹਿਣ ਵਾਲੇ ਸੀ, ਜਿਨ੍ਹਾਂ ਨੂੰ ਬੱਸਾਂ ਰਾਹੀਂ ਘਰ ਭੇਜਿਆ ਗਿਆ।  


author

Baljeet Kaur

Content Editor

Related News