ਕੈਪਟਨ ਅਮਰਿੰਦਰ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦੀ ਆਪਸੀ ਲੜਾਈ ਹੁਣ ''ਆਰ-ਪਾਰ'' ਦੀ
Thursday, May 30, 2019 - 10:02 AM (IST)

ਪਠਾਨਕੋਟ (ਸ਼ਾਰਦਾ) : ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਕਾਰਨ ਰਾਜਨੀਤਕ ਪਾਰਟੀਆਂ ਤੇ ਉਸ ਦੇ ਨਤੀਜਿਆਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਰਾਜਨੀਤਕ ਪੰਡਿਤਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਨਾਲ ਸ਼ਹਿਰੀ ਖੇਤਰਾਂ 'ਚ ਸਰਕਾਰ ਦੀ ਕਾਰਜਪ੍ਰਣਾਲੀ ਦੀ ਧਾਰ ਤੇਜ਼ ਕਰਨ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਚੇਂਜ ਕਰਨ ਦਾ ਜੋ ਮਨ ਬਣਾਇਆ ਸੀ ਤੇ ਉਸ ਨੂੰ ਜਨਤਕ ਵੀ ਕੀਤਾ ਹੈ, ਦੇ ਕਾਰਨ ਹੁਣ ਸਿੱਧੂ ਲਈ ਆਪਣੀ ਹੀ ਸਰਕਾਰ 'ਚ ਲੜਾਈ ਲੜਨਾ ਇਕ ਵੱਡੀ ਚੁਣੌਤੀ ਬਣਦਾ ਦਿਸ ਰਿਹਾ ਹੈ।
ਸੂਬਾ ਸਰਕਾਰ ਦੇ ਕੈਬਨਿਟ ਦੇ 7 ਮੰਤਰੀ ਤਾਂ ਪਹਿਲਾਂ ਹੀ ਸਿੱਧੂ ਨੂੰ ਆਪਣੇ ਦਾਇਰੇ 'ਚ ਰਹਿਣ ਦੀ ਜਿਥੇ ਨਸੀਹਤ ਦਿੱਤੀ ਹੈ, ਉਥੇ ਹੀ ਮੁੱਖ ਮੰਤਰੀ ਦੇ ਨਾਲ ਚੱਟਾਨ ਬਣ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਸਿੱਧੂ ਟਿਕਟ ਵੰਡਦੇ ਸਮੇਂ 3-4 ਹਫਤਿਆਂ ਲਈ ਗਾਇਬ ਹੋ ਗਏ ਸਨ। ਉਥੇ ਹੀ ਮੁੱਖ ਮੰਤਰੀ ਦੇ ਫੋਨ ਤੱਕ ਨੂੰ ਉਨ੍ਹਾਂ ਨੇ ਇਸ ਦੌਰਾਨ ਨਹੀਂ ਚੁੱਕਿਆ ਸੀ।
ਹੁਣ ਇਕ ਵਾਰ ਫਿਰ ਤੋਂ ਸਿੱਧੂ ਕੈਪਟਨ ਅਮਰਿੰਦਰ ਅਤੇ ਕੈਬਨਿਟ ਮੰਤਰੀਆਂ ਦੇ ਰਾਜਨੀਤਕ ਹਮਲੇ ਦੇ ਬਾਵਜੂਦ ਦੇਸ਼ 'ਚ ਕਾਂਗਰਸ ਦੀ ਹੋਈ ਮੰਦਹਾਲੀ ਨੂੰ ਦੇਖਦੇ ਹੋਏ ਮੀਡੀਆ ਤੋਂ ਦੂਰੀ ਬਣਾ ਚੁੱਕੇ ਹਨ। ਉਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਿਨ੍ਹਾਂ ਨੇ ਪੰਜਾਬ ਦਾ ਮਸਲਾ ਹੱਲ ਕਰਨਾ ਹੈ, ਅਮੇਠੀ ਦੀ ਹਾਰ ਦੇ ਬਾਅਦ ਖੁਦ ਕਸਮਕਸ 'ਚ ਹੈ। ਨਤੀਜੇ ਵਜੋਂ ਕੇਂਦਰੀ ਹਾਈਕਮਾਨ ਦੇ ਕੋਲ ਖੁਦ ਦੇ ਇੰਨੇ ਗੰਭੀਰ ਮਸਲੇ ਹਨ ਕਿ ਇਨ੍ਹਾਂ ਹਾਲਾਤ 'ਚ ਉਨ੍ਹਾਂ ਦਾ ਸਿੱਧੂ ਦੇ ਨਾਲ ਖੜ੍ਹੇ ਹੋਣਾ ਅਤੇ ਸਮੱਸਿਆ ਦਾ ਹੱਲ ਕਰਨਾ ਫਿਲਹਾਲ ਨਜ਼ਰ ਨਹੀਂ ਆਉਂਦਾ।
ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸੁਭਾਅ ਤੋਂ ਵਾਕਿਫ ਸਿੱਧੂ ਮੰਨ ਕੇ ਚੱਲ ਰਹੇ ਹਨ ਕਿ ਹੁਣ ਉਨ੍ਹਾਂ ਦਾ ਵਿਭਾਗ ਉਨ੍ਹਾਂ ਦੇ ਹੱਥੋਂ ਗਿਆ। ਸਿੱਧੂ ਦਾ ਵਿਭਾਗ ਖਿਸਕਣ ਤੋਂ ਕੌਣ ਬਚਾਏਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸਿੱਧੂ ਦਾ ਟਵਿੱਟਰ ਹੈਂਡਲ 'ਤੇ ਕਿ 'ਇਸ ਜਹਾਨ ਤੋਂ ਅੱਗੇ ਜਹਾਨ ਹੋਰ ਵੀ ਹੈ' ਉਨ੍ਹਾਂ ਦੀ ਮਨੋਦਸ਼ਾ ਉਜਾਗਰ ਕਰਦਾ ਹੈ। ਹੋ ਸਕਦਾ ਹੈ ਕਿ ਉਹ ਅੱਧਾ ਦਰਜਨ ਕੈਬਨਿਟ ਮੰਤਰੀਆਂ ਦੀ ਨਾਰਾਜ਼ਗੀ ਅਤੇ ਦੂਸਰਾ ਵਿਭਾਗ ਲੈਣ ਦੀ ਜਗ੍ਹਾ ਮੰਤਰੀ ਮੰਡਲ ਤੋਂ ਹੀ ਦੂਰੀ ਬਣਾ ਲਏ। ਲੋਕ ਸਭਾ ਚੋਣ ਪ੍ਰਚਾਰ ਦੇ ਅੰਤਿਮ ਦਿਨ ਬਠਿੰਡਾ 'ਚ ਸਿੱਧੂ ਨੇ ਇੱਧਰ-ਉੱਧਰ ਦੀ ਗੱਲ ਕਰਦੇ ਹੋਏ ਸੰਕੇਤ ਦਿੱਤਾ ਸੀ ਕਿ ਜੇਕਰ ਬੇਅਦਬੀ ਮਾਮਲੇ 'ਚ ਹੋਈ ਕਾਰਵਾਈ 'ਚ ਉਨ੍ਹਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆਇਆ ਤਾਂ ਉਹ ਆਪਣੀ ਕੁਰਸੀ ਛੱਡ ਦੇਣਗੇ।
ਸਿੱਧੂ ਨੇ ਆਪਣੇ ਤਰਕਸ਼ ਤੋਂ ਇਕ ਹੋਰ ਤੀਰ ਅੱਜ ਵੀ ਛੱਡਦੇ ਹੋਏ ਟਵਿੱਟਰ ਹੈਂਡਲ 'ਤੇ ਫਿਰ ਲਿਖਿਆ ਹੈ ਕਿ 'ਜ਼ਿੰਦਗੀ ਆਪਣੇ ਦਮ 'ਤੇ ਹੀ ਜਿਊਣੀ ਚਾਹੀਦੀ ਹੈ ਅਤੇ ਦੂਸਰਿਆਂ ਦੇ ਮੋਢਿਆਂ 'ਤੇ ਜਨਾਜ਼ੇ ਉਠਿਆ ਕਰਦੇ ਹਨ' ਨੇ ਆਪਣੇ ਸ਼ੁਭਚਿੰਤਕਾਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਸਾਨੂੰ ਆਪਣੀ ਲੜਾਈ ਖੁਦ ਹੀ ਲੜਨੀ ਪਵੇਗੀ। ਹਾਈਕਮਾਨ ਇਸ ਸਥਿਤੀ 'ਚ ਨਹੀਂ ਹੈ ਕਿ ਸੂਬੇ ਦੇ ਸ਼ਹਿਨਸ਼ਾਹ ਕੈਪਟਨ ਅਮਰਿੰਦਰ ਦੀ ਲੋਕ ਸਭਾ 'ਚ ਹੋਈ ਜਿੱਤ ਨੂੰ ਚੁਣੌਤੀ ਦੇ ਸਕੇ। ਦੂਜੇ ਪਾਸੇ ਸਿੱਧੂ ਵਲੋਂ ਛੇੜਿਆ ਗਿਆ ਯੁੱਧ ਪ੍ਰਦੇਸ਼ ਕਾਂਰਗਸ ਦੀ ਅੰਦਰੂਨੀ ਲੜਾਈ ਦਾ ਪ੍ਰਤੀਤ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੀ ਕਹੀ ਗੱਲ ਕਿ ਉਹ ਸਿੱਧੂ ਦਾ ਵਿਭਾਗ ਪਲਟਣਾ ਤੋਂ ਵਾਪਿਸ ਹੋਣਾ ਅਸੰਭਵ ਹੈ, ਕਿਉਂਕਿ ਮੰਤਰੀ ਮੰਡਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ 'ਚ ਹੈ। ਵਿਭਾਗ ਬਦਲਣ ਦੇ ਬਾਅਦ ਉਨ੍ਹਾਂ ਦੀ ਕੈਬਨਿਟ 'ਚ ਰਹਿਣਾ ਵੀ ਸਿੱਧੂ ਦੇ ਲਈ ਲਗਭਗ ਅਸੰਭਵ ਜਿਹਾ ਹੋ ਜਾਂਦਾ ਹੈ। ਸੂਬੇ ਦੀ ਰਾਜਨੀਤੀ 'ਚ ਛੇਤੀ ਹੀ ਇਕ ਵੱਡਾ ਧਮਾਕਾ ਹੋਣ ਜਾ ਰਿਹਾ ਹੈ, ਜਿਸਦੇ ਨਤੀਜੇ ਆਉਣ ਵਾਲੇ 6 ਮਹੀਨਿਆਂ ਤੋਂ ਇਕ ਸਾਲ ਦੀ ਹੱਦ ਦੇ ਅੰਦਰ ਸਾਹਮਣੇ ਆ ਜਾਣਗੇ।
ਨਵੰਬਰ 2019 'ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਤੇ ਕਰਤਾਰਪੁਰ ਦੇ ਲਾਂਘੇ 'ਤੇ ਪੂਰਾ ਫੋਕਸ ਸਮੁੱਚੇ ਵਿਸ਼ਵ ਸਮੁਦਾਏ ਦਾ ਹੋਵੇਗਾ। ਉਥੇ ਹੀ ਲੋਕ ਸਭਾ ਚੋਣ ਜਿੱਤ ਕੇ ਹੀਰੋ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰੰਟ ਫੁੱਟ ਤੋਂ ਕਰਤਾਰਪੁਰ ਕਾਰੀਡੋਰ 'ਤੇ ਬੈਟਿੰਗ ਕਰਦੇ ਨਜ਼ਰ ਆਉਣਗੇ। ਮੋਦੀ ਤੇ ਸਿੱਧੂ ਦੇ 'ਚ ਸ਼ੁਰੂ ਹੋਈ ਤਲਖ ਭਾਸ਼ਣਬਾਜ਼ੀ ਨਾਲ ਦੋਹਾਂ ਦੇ ਵਿਚ ਡੂੰਘੀ ਰਾਜਨੀਤਕ ਖਾਈ ਪੈਦਾ ਹੋ ਚੁੱਕੀ ਹੈ। ਆਪਣੇ ਜ਼ਖਮਾਂ ਨੂੰ ਸਹਿਲਾ ਰਿਹਾ ਕਾਂਗਰਸ ਹਾਈਕਮਾਨ ਪੰਜਾਬ ਦੇ ਮਾਮਲੇ 'ਤੇ ਕੀ ਰੁਖ ਲੈਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਜੋ ਰਾਜਨੀਤਕ ਕੁੰਡਲੀ ਪੰਜਾਬ ਦੀ ਬਣਦੀ ਨਜ਼ਰ ਆ ਰਹੀ ਹੈ, ਉਸ ਵਿਚ ਚਾਹੇ ਅਕਾਲੀ ਦਲ 2 ਸੀਟਾਂ ਜਿੱਤ ਕੇ ਸੂਬੇ 'ਚ ਬੈਕਫੁੱਟ 'ਤੇ ਨਜ਼ਰ ਆ ਰਿਹਾ ਹੈ ਤੇ ਇਕ ਸੀਟ ਜਿੱਤ ਕੇ ਭਗਵੰਤ ਮਾਨ 'ਆਪ' ਦੇ ਰੂਪ 'ਚ ਤੀਸਰੇ ਵਿਕਲਪ ਦੀ ਤਲਖੀ ਲੈ ਕੇ ਖੜ੍ਹੇ ਹਨ ਪਰ ਕਾਂਗਰਸ ਦੀ ਅੰਦਰੂਨੀ ਲੜਾਈ ਕਦੋਂ ਇਨ੍ਹਾਂ ਦੋਹਾਂ ਧਿਰਾਂ ਨੂੰ ਰਾਜਨੀਤਕ ਮੌਕਾ ਪ੍ਰਦਾਨ ਕਰ ਦੇਵੇਗਾ, ਕੁਝ ਕਿਹਾ ਨਹੀਂ ਜਾ ਸਕਦਾ ਹੈ।