ਜੇ ਤੁਸੀਂ ਵੀ ਜਾ ਰਹੇ ਹੋ ਜਲੰਧਰ ਦੇ ਪਾਸਪੋਰਟ ਦਫ਼ਤਰ ਤਾਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
Friday, Feb 04, 2022 - 11:02 PM (IST)
ਜਲੰਧਰ (ਸੁਧੀਰ) : ਫਰਜ਼ੀ ਦਸਤਾਵੇਜ਼ਾਂ ’ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ ਅਤੇ ਕਈ ਲੋਕ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਦੇ ਜਾਲ ਵਿਚ ਫਸ ਕੇ ਰੋਜ਼ਾਨਾ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਹੀ ਕਮਿਸ਼ਨਰੇਟ ਪੁਲਸ ਨੇ ਠੱਗੀ ਦੇ ਸ਼ਿਕਾਰ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਕਈ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦਰਜ ਹੋਣ ਤੋਂ ਬਾਅਦ ਵੀ ਸ਼ਹਿਰ ਵਿਚ ਫਰਜ਼ੀ ਟਰੈਵਲ ਏਜੰਟਾਂ ਨੇ ਲੋਕਾਂ ਨਾਲ ਠੱਗੀ ਮਾਰਨ ਲਈ ਆਪਣਾ ਜਾਲ ਵਿਛਾਇਆ ਹੈ। ‘ਜਗ ਬਾਣੀ’ ਨੇ ਬੀਤੇ ਦਿਨੀਂ ਹੀ ਨਕੋਦਰ ਚੌਕ ਨੇੜੇ ਸਥਿਤ ਅਮਨ ਪਲਾਜ਼ਾ ਬਿਲਡਿੰਗ ਦੇ ਬਾਹਰ ਦਰਜਨਾਂ ਅਜਿਹੇ ਫਰਜ਼ੀ ਏਜੰਟਾਂ ਦਾ ਪਰਦਾਫਾਸ਼ ਕੀਤਾ ਸੀ, ਜਿਹੜੇ ਕੈਨੇਡਾ, ਯੂ. ਕੇ. ਅਤੇ ਹੋਰ ਦੇਸ਼ਾਂ ਦੇ ਵੀਜ਼ਾ ਐਪਲੀਕੇਸ਼ਨ ਜਮ੍ਹਾ ਕਰਵਾਉਣ ਆ ਰਹੇ ਬਿਨੈਕਾਰਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਨ੍ਹਾਂ ਫਰਜ਼ੀ ਏਜੰਟਾਂ ’ਤੇ ਨਕੇਲ ਕੱਸਣ ਲਈ ਪੰਜਾਬ ਦੇ ਡੀ. ਜੀ. ਪੀ., ਵਿਦੇਸ਼ ਮੰਤਰਾਲਾ ਅਤੇ ਕੈਨੇਡੀਅਨ ਦੂਤਾਵਾਸ ਸਮੇਤ ਕਈ ਥਾਵਾਂ ’ਤੇ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਲੱਥਣ ਤੋਂ ਪਹਿਲਾਂ ਨਵ-ਵਿਆਹੁਤਾ ਨੇ ਕਰ ਲਈ ਖ਼ੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਮਾਮਲਾ
ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਫਰਜ਼ੀ ਏਜੰਟਾਂ ਦੀ ਨਕੇਲ ਕੱਸਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਸੀ, ਜਿਸ ਵਿਚ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਟਰੈਵਲ ਕਾਰੋਬਾਰੀਆਂ ਦੇ ਦਫਤਰਾਂ ਵਿਚ ਜਾ ਕੇ ਉਨ੍ਹਾਂ ਦੇ ਲਾਇਸੈਂਸ ਅਤੇ ਹੋਰ ਪੂਰਾ ਰਿਕਾਰਡ ਜਾਂਚਿਆ ਸੀ। ਕਈ ਫਰਜ਼ੀ ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਪੁਲਸ ਨੇ ਕਈ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦੀ ਸਖ਼ਤੀ ਕਾਰਨ ਕੁਝ ਸਮੇਂ ਤੱਕ ਫਰਜ਼ੀ ਏਜੰਟ ਸ਼ਹਿਰ ਵਿਚੋਂ ਗਾਇਬ ਰਹੇ ਪਰ ਕਾਫੀ ਸਮਾਂ ਬੀਤ ਜਾਣ ਅਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਉਹ ਫਿਰ ਸ਼ਹਿਰ ਵਿਚ ਸਰਗਰਮ ਹੋ ਗਏ। ਹੁਣ ਤਾਂ ਇਨ੍ਹਾਂ ਲੋਕਾਂ ਨੇ ਹੱਦ ਹੀ ਕਰ ਦਿੱਤੀ ਹੈ। ਉਨ੍ਹਾਂ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੜਕ ਦੇ ਵਿਚਾਲੇ ਲੋਕਾਂ ਦੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਸ਼ਰਮਨਾਕ ਘਟਨਾ, ਹਥਿਆਰਬੰਦ ਨੌਜਵਾਨਾਂ ਨੇ ਦੋਸਤ ਨਾਲ ਕੁਕਰਮ ਕਰਵਾ ਕੇ ਬਣਾਈ ਅਸ਼ਲੀਲ ਵੀਡੀਓ
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਲਾਕ ਕਾਰੋਬਾਰੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਆਪਣੇ ਜਾਲ ਵਿਚ ਫਸਾਉਣ ਲਈ ਪੂਰੇ ਗੈਂਗ ਦਾ ਗਠਨ ਕੀਤਾ ਹੋਇਆ ਹੈ। ਇਸ ਠੱਗ ਗੈਂਗ ਵਿਚਲੇ 8 ਤੋਂ 10 ਫਰਜ਼ੀ ਟਰੈਵਲ ਏਜੰਟਾਂ ਦੇ ਕਰਿੰਦੇ ਸੜਕ ਦੇ ਵਿਚਾਲੇ ਖੜ੍ਹੇ ਹੁੰਦੇ ਹਨ। ਜਿਉਂ ਹੀ ਕੋਈ ਗੱਡੀ ਅਮਨ ਪਲਾਜ਼ਾ ਬਿਲਡਿੰਗ ਨੇੜੇ ਆ ਕੇ ਰੁਕਦੀ ਹੈ ਤਾਂ ਗੱਡੀ ਦਾ ਨੰਬਰ ਦੇਖ ਕੇ ਠੱਗ ਗੈਂਗ ਦਾ ਇਕ ਕਰਿੰਦਾ ਉਨ੍ਹਾਂ ਨੂੰ ਗੱਲਾਂ ਵਿਚ ਉਲਝਾ ਕੇ ਆਪਣਾ ਸ਼ਿਕਾਰ ਬਣਾਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਕ ਕਰਿੰਦਾ ਇਕ ਕਾਰ ਵਿਚ ਸਵਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੁੰਦਾ ਹੈ ਤਾਂ ਦੂਜਾ ਕਰਿੰਦਾ ਉਸਦੇ ਨੇੜੇ ਨਹੀਂ ਆਉਂਦਾ। ਉਕਤ ਲੋਕ ਗੱਡੀਆਂ ਦੇ ਦੂਰੋਂ ਹੀ ਨੰਬਰ ਪੜ੍ਹ ਕੇ ਆਪਸ ਵਿਚ ਤੈਅ ਕਰ ਲੈਂਦੇ ਹਨ ਕਿ ਇਹ ਗੱਡੀ ਮੇਰੀ ਤੇ ਅਗਲੀ ਗੱਡੀ ਤੇਰੀ।
ਇਹ ਵੀ ਪੜ੍ਹੋ : ਬਰਗਰ ਖਾਣ ਸਮੇਂ ਹੋਈ ਤਕਰਾਰ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ
ਦੂਜੇ ਪਾਸੇ ਸੰਪਰਕ ਕਰਨ ’ਤੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੇ ਦੱਸਿਆ ਕਿ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਮਿਸ਼ਨਰੇਟ ਪੁਲਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਕੁਝ ਸਮੇਂ ਵਿਚ ਪੁਲਸ ਨੇ ਕਈ ਫਰਜ਼ੀ ਟਰਵੈਲ ਏਜੰਟਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫਰਜ਼ੀ ਟਰੈਵਲ ਏਜੰਟਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਪੁਲਸ ਵੱਲੋਂ ਜਲਦ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਪੜ੍ਹੋ : ਨਾਬਾਲਿਗਾ ਨੂੰ ਪਹਿਲਾਂ ਕੀਤਾ ਬਲੈਕਮੇਲ, ਫਿਰ ਜ਼ਹਿਰ ਦੇ ਕੇ ਮਾਰਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?