ਖੇਤਰੀ ਪਾਸਪੋਰਟ ਦਫਤਰ ਜਲੰਧਰ ਨੂੰ ਲਗਾਤਾਰ ਚੌਥੀ ਵਾਰ ਮਿਲਿਆ ਸਰਵਸ੍ਰੇਸ਼ਠਤਾ ਐਵਾਰਡ
Thursday, Jun 28, 2018 - 07:04 AM (IST)
ਜਲੰਧਰ (ਧਵਨ) — ਖੇਤਰੀ ਪਾਸਪੋਰਟ ਦਫਤਰ ਜਲੰਧਰ ਨੂੰ ਲਗਾਤਾਰ ਚੌਥੀ ਵਾਰ ਸਰਵਸ੍ਰੇਸ਼ਠ ਸੇਵਾਵਾਂ ਲੋਕਾਂ ਨੂੰ ਦੇਣ ਲਈ ਸਰਵਸ੍ਰੇਸ਼ਠਤਾ ਐਵਾਰਡ ਮਿਲਿਆ ਹੈ। ਦਿੱਲੀ 'ਚ ਆਯੋਜਿਤ ਬੈਠਕ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੇਲਵੇ ਅਤੇ ਸੰਚਾਰ ਮੰਤਰੀ ਮਨੋਜ ਸਿਨ੍ਹਾ, ਸਕੱਤਰ ਡੀ. ਐੱਮ. ਮੁੱਲੇ, ਜੁਆਇੰਟ ਸੈਕਟਰੀ ਅਰੁਣ ਕੁਮਾਰ ਚੈਟਰਜੀ ਨੇ ਉਕਤ ਐਵਾਰਡ ਖੇਤਰੀ ਪਾਸਪੋਰਟ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੂੰ ਪ੍ਰਦਾਨ ਕੀਤਾ। ਗਿੱਲ ਨੇ ਦੱਸਿਆ ਕਿ ਪਾਸਪੋਰਟ ਸੇਵਾ ਦਿਵਸ ਦੇ ਮੌਕੇ 'ਤੇ ਪਾਸਪੋਰਟ ਡਲਿਵਰੀ ਸੇਵਾਵਾਂ 'ਚ ਐਕਸੀਲੈਂਸ ਲਈ ਪਾਸਪੋਰਟ ਦਫਤਰ ਨੂੰ ਐਵਾਰਡ ਦਿੱਤਾ ਗਿਆ ਹੈ। 2017-18 ਦੌਰਾਨ ਵੀ ਖੇਤਰੀ ਪਾਸਪੋਰਟ ਦਫਤਰ ਵਲੋਂ ਲੋਕਾਂ ਨੂੰ ਬਿਹਤਰ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਸਨ। ਗਿੱਲ ਨੇ ਕਿਹਾ ਕਿ ਚੌਥੀ ਵਾਰ ਲਗਾਤਾਰ ਐਵਾਰਡ ਮਿਲਣ ਨਾਲ ਪਾਸਪੋਰਟ ਦਫਤਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਮਨੋਬਲ ਹੋਰ ਮਜ਼ਬੂਤ ਹੋਇਆ ਹੈ ਅਤੇ ਅਸੀਂ ਭਵਿੱਖ 'ਚ ਹੋਰ ਵੀ ਬਿਹਤਰ ਢੰਗ ਨਾਲ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਚੌਥਾ ਐਵਾਰਡ ਹਾਸਲ ਕਰਨਾ ਪਾਸਪੋਰਟ ਦਫਤਰ ਲਈ ਗੌਰਵਮਈ ਪਲ ਹੈ।
ਗਿੱਲ ਨੇ ਦੱਸਿਆ ਕਿ ਸਰਕਾਰ ਵਲੋਂ ਪਾਸਪੋਰਟ ਸੇਵਾ ਦਿਵਸ ਦੇ ਮੌਕੇ 'ਤੇ ਕੱਲ ਸ਼ੁਰੂ ਕੀਤੀਆਂ ਗਈਆਂ ਨਵੀਆਂ ਪਾਸਪੋਰਟ ਸੇਵਾਵਾਂ ਦਾ ਲੋਕਾਂ ਨੂੰ ਭਾਰੀ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਐੱਮ. ਪਾਸਪੋਰਟ ਸੇਵਾ ਐਪ ਸ਼ੁਰੂ ਹੋਣ ਨਾਲ ਹੁਣ ਲੋਕਾਂ ਨੂੰ ਵਾਰ-ਵਾਰ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਏਗੀ ਅਤੇ ਘਰ ਬੈਠੇ ਹੀ ਉਹ ਆਪਣੇ ਮੋਬਾਈਲ ਫੋਨ 'ਤੇ ਪਾਸਪੋਰਟ ਨਾਲ ਸੰਬੰਧਤ ਕਿਸੇ ਵੀ ਕੰਮ ਨੂੰ ਸੰਪੰਨ ਕਰਵਾ ਸਕਣਗੇ।
