ਰੇਲਗੱਡੀਆਂ ਦੀ ਗਤੀ ਹੌਲੀ ਹੋਣ ਨਾਲ ਯਾਤਰੀ ਪ੍ਰੇਸ਼ਾਨ
Tuesday, Nov 14, 2017 - 07:14 AM (IST)

ਅੰਮ੍ਰਿਤਸਰ, (ਜਸ਼ਨ)- ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੀ ਤੜਕੇ ਤੋਂ ਪੈ ਰਹੀ ਧੁੰਦ ਅਤੇ ਸਮੋਗ ਨੇ ਲਗਭਗ ਸਾਰੀਆਂ ਰੇਲਗੱਡੀਆਂ ਦੀ ਗਤੀ ਹੌਲੀ ਕਰ ਰੱਖੀ ਹੈ, ਜਿਸ ਦਾ ਖਮਿਆਜ਼ਾ ਸਿੱਧੇ ਤੌਰ 'ਤੇ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਰੇਲ ਮੁਸਾਫਰਾਂ ਨੂੰ ਘੰਟਿਆਂਬੱਧੀ ਠੰਡ ਵਿਚ ਟਰੇਨ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਰੇਲਵੇ ਇਕ ਪਾਸੇ ਤਾਂ ਅਤਿ ਆਧੁਨਿਕ ਬਣਨ ਅਤੇ ਬੁਲੇਟ ਟਰੇਨ ਚਲਾਉਣ ਲਈ ਕਰੋੜਾਂ ਰੁਪਏ ਖਰਚ ਕਰਨ ਦੀ ਵਿਵਸਥਾ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਭਾਰਤੀ ਰੇਲਵੇ ਹੁਣ ਤੱਕ ਧੁੰਦ ਦਾ ਕੋਈ ਬਦਲ ਨਹੀਂ ਲੱਭ ਸਕੀ। ਇਸ ਤੋਂ ਰੇਲਵੇ ਦੇ ਰੈਵੀਨਿਊ ਨੂੰ ਸਾਲਾਨਾ ਕਈ ਹਜ਼ਾਰ ਕਰੋੜ ਦਾ ਨੁਕਸਾਨ ਵੀ ਚੁੱਕਣਾ ਪੈਂਦਾ ਹੈ। ਉਥੇ ਹੀ ਸੋਮਵਾਰ ਨੂੰ ਵੀ ਤੜਕੇ ਤੋਂ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਾਫ਼ੀ ਗਹਿਮਾ-ਗਹਿਮੀ ਦਾ ਮਾਹੌਲ ਰਿਹਾ। ਧੁੰਦ ਅਤੇ ਸਮੋਗ ਦੇ ਕਹਿਰ ਦੇ ਕਾਰਨ ਲਗਭਗ ਸਾਰੀਆਂ ਰੇਲਗੱਡੀਆਂ ਦੀ ਲੇਟਲਤੀਫੀ ਜਾਰੀ ਸੀ।
ਰੇਲ ਮੁਸਾਫਰ ਠੰਡ ਵਿਚ ਪਲੇਟਫਾਰਮਾਂ 'ਤੇ ਰੇਲਗੱਡੀਆਂ ਦਾ ਇੰਤਜ਼ਾਰ ਕਰਦੇ ਦੇਖੇ ਗਏ। ਇਸ ਦੌਰਾਨ ਜੁਝਾਰ ਸਿੰਘ, ਸੁਮਿਤ, ਪੰਕਜ ਸ਼ੇਰਗਿੱਲ, ਲਾਲੀ, ਵਿਨੇ ਪ੍ਰਸ਼ਾਂਤ ਅਤੇ ਕਈ ਹੋਰਨਾਂ ਨੇ ਕਿਹਾ ਕਿ ਉਹ ਆਪਣੀ-ਆਪਣੀ ਮੰਜ਼ਿਲ ਵੱਲ ਜਾਣ ਲਈ ਤੜਕੇ ਤੋਂ ਰੇਲ ਗੱਡੀ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਪਰ ਨਾ ਤਾਂ ਅਜੇ ਤੱਕ ਉਨ੍ਹਾਂ ਦੀ ਰੇਲਗੱਡੀ ਆਈ ਹੈ ਅਤੇ ਨਾ ਹੀ ਇਨਕੁਆਇਰੀ ਵਾਲੇ ਠੀਕ ਜਾਣਕਾਰੀ ਦੇ ਰਹੇ ਹਨ। ਕੁਲ ਮਿਲਾ ਕੇ ਸੋਮਵਾਰ ਦਾ ਦਿਨ ਵੀ ਰੇਲ ਮੁਸਾਫਰਾਂ ਲਈ ਕਿਸੇ ਕਹਿਰ ਤੋਂ ਘੱਟ ਨਹੀਂ ਰਿਹਾ।