ਲੁਧਿਆਣਾ-ਅੰਬਾਲਾ ਪੈਸੰਜਰ ਗੱਡੀ ''ਚ ਲੱਗੀ ਅੱਗ
Wednesday, Jan 31, 2018 - 01:38 PM (IST)
ਲੁਧਿਆਣਾ (ਸਹਿਗਲ) : ਲੁਧਿਆਣਾ ਤੋਂ ਅੰਬਾਲਾ ਜਾਣ ਵਾਲੀ ਪੈਸੰਜਰ ਗੱਡੀ ਨੰਬਰ 64522 ਵਿਚ ਮੰਗਲਵਾਰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ 'ਚ ਸਵਾਰ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਅਚਾਨਕ ਮਚੀ ਹਫੜਾ-ਦਫੜੀ ਵਿਚ ਯਾਤਰੀ ਡਰ ਕਾਰਨ ਚੀਕਣ ਲੱਗੇ। ਕੁਝ ਪਿਛਲੇ ਡੱਬੇ ਵੱਲ ਭੱਜੇ ਤਾਂ ਕਈਆਂ ਨੇ ਗੱਡੀ ਵਿਚ ਲੱਗੀ ਚੇਨ ਖਿੱਚ ਦਿੱਤੀ।
ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਗੱਡੀ ਸ਼ਾਮ ਸਾਢੇ 4 ਵਜੇ ਅੰਬਾਲਾ ਵੱਲ ਰਵਾਨਾ ਹੋਈ। ਗੱਡੀ ਅਜੇ ਪਲੇਟਫਾਰਮ ਤੋਂ ਨਿਕਲ ਕੇ 400 ਮੀਟਰ ਤੱਕ ਹੀ ਗਈ ਸੀ ਕਿ ਅਚਾਨਕ ਪੱਖੇ ਵਿਚ ਸਪਾਰਕਿੰਗ ਹੋਣ ਲੱਗੀ। ਧੂੰਏਂ ਅਤੇ ਅੱਗ ਦੀਆਂ ਚੰਗਿਆੜੀਆਂ ਨਾਲ ਡੱਬੇ ਵਿਚ ਸਵਾਰ ਯਾਤਰੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਡੱਬੇ 'ਚ ਧੂੰਆਂ ਫੈਲਦੇ ਹੀ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਕਿਸੇ ਨੇ ਚੇਨ ਖਿੱਚ ਦਿੱਤੀ, ਜਿਸ ਨਾਲ ਗੱਡੀ ਰੁਕ ਗਈ।
ਰੇਲ ਅਧਿਕਾਰੀਆਂ ਮੁਤਾਬਕ ਅੱਗ ਗੱਡੀ ਦੇ ਇੰਜਣ ਤੋਂ ਡੱਬਿਆਂ ਨੂੰ ਜਾ ਰਹੀ ਬਿਜਲੀ ਸਪਲਾਈ ਦੇ ਡੀ. ਕਲਟਰ ਵਿਚ ਲੱਗੀ। ਗੱਡੀ ਹੌਲੀ ਹੋਣ 'ਤੇ ਕੋਈ ਹਾਦਸਾ ਪੇਸ਼ ਨਹੀਂ ਆਇਆ। ਡਰਾਈਵਰ ਨੇ ਅੱਗ ਬੁਝਾਉਣ ਲਈ ਰੱਖੇ ਯੰਤਰ ਨਾਲ ਅੱਗ ਬੁਝਾ ਦਿੱਤੀ। ਓਵਰਹੈੱਡ ਇਲੈਕਟ੍ਰਿਕ ਵਿਭਾਗ ਨੂੰ ਹਾਈਟੈਂਸ਼ਨ ਵਾਇਰ ਦੀ ਸਪਲਾਈ ਬੰਦ ਕਰਨ ਨੂੰ ਕਿਹਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਗੱਡੀ ਤੇਜ਼ ਹੁੰਦੀ ਤਾਂ ਅੱਗ ਡੱਬੇ ਵਿਚ ਫੈਲ ਸਕਦੀ ਸੀ। ਘੱਟ ਰਫਤਾਰ 'ਤੇ ਗੱਡੀ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ। ਸੁਪਰਡੈਂਟ ਅਸ਼ੋਕ ਸਿੰਘ ਸਲਾਰੀਆ, ਡਵੀਜ਼ਨ ਟਰੈਫਿਕ ਮੈਨੇਜਰ ਅਸ਼ੋਕ ਸਲਾਰੀਆ, ਡਿਪਟੀ ਸਟੇਸ਼ਨ ਸੁਪਰਡੈਂਟ ਅਜੇ ਸਾਹਨੀ ਅਤੇ ਸੁਰਿੰਦਰ ਤੋਂ ਇਲਾਵਾ ਓ. ਐੱਚ. ਈ. ਵਿਭਾਗ ਦੇ ਜੂਨੀਅਰ ਇੰਜੀਨੀਅਰ ਦੇ ਨਾਲ ਰਾਜੀਵ ਕਪੂਰ, ਸੰਦੀਪ ਕੁਮਾਰ ਅਤੇ ਗੁਰਿੰਦਰ ਸਿੰਘ ਸ਼ਾਮਲ ਸਨ।
