''ਸ਼ਾਇਦ ਕਦੇ ਵੀ ਨੀ ਆਉਣਾ, ਸਾਨੂੰ ਜਿਹਦੀਆਂ ਉਡੀਕਾਂ''

Friday, Sep 27, 2019 - 02:48 PM (IST)

ਚੰਡੀਗੜ੍ਹ (ਕੁਲਦੀਪ) : 'ਸ਼ਾਇਦ ਕਦੇ ਵੀ ਨੀ ਆਉਣਾ, ਸਾਨੂੰ ਜਿਹਦੀਆਂ ਉਡੀਕਾਂ'। ਇਹ ਸ਼ਬਦ ਉਨ੍ਹਾਂ ਲੋਕਾਂ ਦੇ ਸੀਨੇ 'ਤੇ ਸੂਲ ਵਾਂਗ ਚੁੱਭ ਰਹੇ ਹਨ, ਜਿਨ੍ਹਾਂ ਦੀਆਂ ਅੱਖਾਂ ਵਰ੍ਹਿਆਂ ਤੋਂ ਵਿੱਛੜੇ ਆਪਣਿਆਂ ਦੀ ਉਡੀਕ ਕਰਦੇ-ਕਰਦੇ ਪੱਥਰ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਲੋਕਾਂ ਨੇ ਸ਼ਾਇਦ ਆਪਣੀ ਉਮੀਦ ਹੀ ਛੱਡ ਦਿੱਤੀ ਹੈ।  ਸ਼ਹਿਰ 'ਚ ਅਜਿਹੇ ਗੁੰਮਸ਼ੁਦਾ ਹੋਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ ਪਰ ਪੁਲਸ ਵਲੋਂ ਸਿਰਫ ਮਾਮਲਾ ਦਰਜ ਕਰਕੇ ਪੱਲਾ ਝਾੜ ਲਿਆ ਜਾਂਦਾ ਹੈ। ਅਜਿਹੀ ਹੀ ਦਰਦ ਭਰੀ ਕਹਾਣੀ ਬਲਟਾਣਾ ਦੇ ਰਹਿਣ ਵਾਲੇ ਪਰਵੇਜ਼ ਆਲਮ ਦੇ ਪਰਿਵਾਰ ਦੀ ਹੈ, ਜਿਹੜੇ ਅੱਜ ਵੀ ਬੂਹੇ 'ਤੇ ਅੱਖਾਂ ਲਾਈ ਉਸ ਦੇ ਆਉਣ ਦੀ ਉਡੀਕ 'ਚ ਬੈਠੇ ਹੋਏ ਹਨ।

PunjabKesari
ਪਿਛਲੀ 5 ਜੂਨ ਤੋਂ ਲਾਪਤਾ ਹੈ ਪਰਵੇਜ਼
ਦੱਸਿਆ ਜਾ ਰਿਹਾ ਹੈ ਕਿ ਪਰਵੇਜ਼ ਆਲਮ ਪਿਛਲੀ 5 ਜੂਨ ਤੋਂ ਲਾਪਤਾ ਹੈ। ਉਹ ਘਰ ਤੋਂ ਬਾਹਰ ਕਿਸੇ ਕੰਮ ਗਿਆ ਸੀ ਪਰ ਮੁੜ ਨਹੀਂ ਪਰਤਿਆ। ਪਰਵੇਜ਼ ਦੀ ਭਾਲ 'ਚ ਉਸ ਦੀ ਪਤਨੀ ਆਪਣੀ ਮਾਸੂਮ ਬੱਚੀ ਨਾਲ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਹ ਜਿੰਨੀ ਵਾਰ ਵੀ ਪੁਲਸ ਕੋਲ ਜਾਂਦੀ ਹੈ, ਪੁਲਸ ਤਲਾਸ਼ ਜਾਰੀ ਕਹਿ ਕੇ ਉਸ ਨੂੰ ਵਾਪਸ ਭੇਜ ਦਿੰਦੀ ਹੈ। ਉਂਝ ਤਾਂ ਪੁਲਸ ਨੇ ਪਰਵੇਜ਼ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਹੋਈ ਹੈ ਪਰ ਅਜੇ ਤੱਕ ਪਰਵੇਜ਼ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
ਪਤਾ ਦੱਸਣ ਵਾਲੇ ਲਈ ਰੱਖੀ ਇਨਾਮੀ ਰਕਮ
ਪੁਲਸ ਦੇ ਚੱਕਰਾਂ 'ਚ ਖੱਜਲ ਹੋਣ ਤੋਂ ਬਾਅਦ ਪਰਵੇਜ਼ ਦੀ ਪਤਨੀ ਥੱਕ ਚੁੱਕੀ ਸੀ ਪਰ ਹੁਣ ਉਸ ਨੇ ਮਿਹਨਤ-ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਪੈਸਾ ਇਕੱਠਾ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਪਰਵੇਜ਼ ਆਲਮ ਦਾ ਪਤਾ ਦੱਸਣ ਵਾਲੇ ਨੂੰ ਉਹ 10 ਹਜ਼ਾਰ ਰੁਪਏ ਇਨਾਮ ਦੇਵੇਗੀ। ਪਰਵੇਜ਼ ਦੀ ਮਾਸੂਮ ਧੀ ਦੀ ਤੋਤਲੀ ਜ਼ੁਬਾਨ ਵੀ ਵਾਰ-ਵਾਰ ਇਹੀ ਕਹਿ ਰਹੀ ਹੈ, ਪਾਪਾ ਜਲਦੀ ਆਇਓ'।


Babita

Content Editor

Related News