ਕੈਪਟਨ ਦੇ ''ਸਲਾਹਕਾਰਾਂ ਦੀ ਫੌਜ'' ਹਟਾਉਣਾ ਚਾਹੁੰਦੇ ਨੇ ਬਾਜਵਾ
Tuesday, Mar 13, 2018 - 02:53 PM (IST)

ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਪਾਰਟੀਆਂ ਦੇ ਉਨ੍ਹਾਂ ਦਾਅਵਿਆਂ ਦੇ ਪੱਖ 'ਚ ਆ ਗਏ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਹੜੀ ਸਲਾਹਕਾਰਾਂ ਦੀ ਫੌਜ ਅਤੇ ਵਿਸ਼ੇਸ਼ ਡਿਊਟੀ ਵਾਲੇ ਅਧਿਕਾਰੀਆਂ (ਓ. ਐੱਸ. ਡੀ.) ਦੀ ਨਿਯੁਕਤੀ ਕੀਤੀ ਗਈ ਹੈ, ਉਸ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਨਾਲ ਸਿਰਫ ਸਰਕਾਰੀ ਖਜ਼ਾਨੇ 'ਤੇ ਵਾਧੂ ਭਾਰ ਪੈ ਰਿਹਾ ਹੈ। ਇਕ ਟੀ. ਵੀ. ਚੈਨਲ 'ਚ ਆਯੋਜਿਤ ਕੀਤੀ ਗਈ ਬਹਿਸ ਦੌਰਾਨ ਬਾਜਵਾ ਨੇ ਕਿਹਾ ਕਿ ਇਕ ਰਿਟਾਇਰਡ ਲੈਫਟੀਨੈਂਟ ਜਨਰਲ (ਟੀ. ਐੱਸ. ਸ਼ੇਰਗਿੱਲ) ਨੂੰ ਛੱਡ ਕੇ, ਸਲਾਹਕਾਰਾਂ 'ਚੋਂ ਕੋਈ ਵੀ ਕੈਪਟਨ ਨੂੰ ਸਲਾਹ ਦੇਣ ਦੇ ਯੋਗ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੈਪਟਨ ਨੂੰ ਕਿਸੇ ਦੀ ਸਲਾਹ ਦੀ ਲੋੜ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਚੁੱਕਿਆ ਸੀ, ਜਿਸ ਦਾ ਬਾਜਵਾ ਨੇ ਸਮਰਥਨ ਕੀਤਾ। ਭਗਵੰਤ ਮਾਨ ਨੇ ਕਿਹਾ ਸੀ ਕਿ ਸਲਾਹਕਾਰਾਂ 'ਚੋਂ ਕੁਝ ਕੈਬਨਿਟ ਰੈਂਕ ਦੇ ਵੀ ਹਨ। ਇਸ ਤੋਂ ਇਲਾਵਾ ਆਪ ਆਗੂ ਸੁਖਪਾਲ ਖਹਿਰਾ ਦਾ ਵੀ ਇਹੀ ਕਹਿਣਾ ਹੈ ਕਿ ਕੈਪਟਨ ਦੀ ਇਹ ਫੌਜ ਸਿਰਫ ਸਰਕਾਰੀ ਖਜ਼ਾਨੇ 'ਤੇ ਬੋਝ ਹੈ ਅਤੇ ਉਹ ਵੀ ਉਸ ਸਮੇਂ 'ਚ ਜਦੋਂ ਪੰਜਾਬ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ 16 ਸਲਹਾਕਾਰ ਅਤੇ ਓ. ਐੱਸ. ਡੀ. ਹਨ, ਜੋ ਹਰ ਮਹੀਨੇ ਮੋਟੀ ਤਨਖਾਹ ਚੁੱਕ ਰਹੇ ਹਨ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਵਿੱਤੀ ਸੰਕਟ ਦੇ ਬਾਵਜੂਦ ਵੀ ਸੂਬਾ ਸਰਕਾਰ ਵਲੋਂ ਕਿਸਾਨਾਂ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ।