ਕਾਂਗਰਸ ਦੀ ਸਰਕਾਰ ਬਣਨ ''ਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ 5-5 ਮਰਲੇ ਪਲਾਟ ਤੇ 1-1 ਲੱਖ ਰੁਪਏ ਦੇਵਾਂਗੇ : ਬਾਜਵਾ

10/05/2016 3:40:08 PM

ਬਟਾਲਾ (ਬੇਰੀ) : ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ ਵਲੋਂ ਬੁੱਧਵਾਰ ਨੂੰ ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਭਾਰਤ-ਪਾਕਿ ਸਰਹੱਦ ਤੋਂ ਤਿੰਨ ਕਿਲੋਮੀਟਰ ਦੂਰੀ ''ਤੇ ਸਥਿਤ ਪਿੰਡ ਘੋਨੇਵਾਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨਾਲ ਉਹ ਚੱਟਾਨ ਵਾਂਗ ਖੜ੍ਹੇ ਹਨ ਅਤੇ ਸਰਹੱਦੀ ਜਨਤਾ ਦਾ ਦੁੱਖ ਦਰਦ ਉਨ੍ਹਾਂ ਦਾ ਆਪਣਾ ਦੁੱਖ-ਦਰਦ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਕੋਈ ਜੰਗ ਨਹੀਂ ਲੱਗਣੀ, ਇਹ ਸਭ ਸਰਕਾਰ ਨੇ ਲੋਕਾਂ ਦਾ ਧਿਆਨ ਝੋਨੇ ਦੀ ਖਰੀਦ ਤੋਂ ਹਟਾਉਣ ਲਈ ਇਕ ਸ਼ੋਸ਼ਾ ਛੱਡਿਆ ਹੈ ਤਾਂ ਜੋ ਲੋਕ ਜੰਗ ਵਾਲੇ ਪਾਸੇ ਧਿਆਨ ਕਰ ਲੈਣ। 
ਉਨ੍ਹਾਂ ਕਿਹਾ ਕਿ ਜਦੋਂ ਕਣਕ ਦਾ ਸੀਜ਼ਨ ਸੀ ਤਾਂ ਬਾਦਲਾਂ ਨੇ ਕਾਲੇ ਕੱਛੇ ਵਾਲਿਆਂ ਦਾ ਰੌਲਾ ਪਾਇਆ ਸੀ ਤੇ ਹੁਣ ਜੰਗ ਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਕੋਈ ਸਰਕਾਰੀ ਖਰੀਦ ਸ਼ੁਰੂ ਨਹੀਂ ਕੀਤੀ ਗਈ, ਜਿਸ ਦੀ ਮਿਸਾਲ ਅੱਜ ਸਰਹੱਦੀ ਖੇਤਰ ਦੇ ਨਾਲ ਲੱਗਦੇ ਪਿੰਡ ਅਵਾਣ ਦੀ ਦਾਣਾ ਮੰਡੀ ਤੋਂ ਸਾਹਮਣੇ ਆਉਂਦੀ ਹੈ, ਜਿਥੇ ਉਨ੍ਹਾਂ ਨੇ ਦੌਰਾ ਕੀਤਾ ਹੈ ਅਤੇ ਇਸ ਮੰਡੀ ਵਿਚ ਨਾ ਤਾਂ ਕਿਸਾਨਾਂ ਦੀ ਸਹੂਲਤ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਅਜੇ ਤੱਕ ਮੰਡੀ ਵਿਚ ਬਾਰਦਾਨਾ ਪਹੁੰਚਿਆ ਹੈ ਤੇ ਕਿਸਾਨ ਮੰਡੀਆਂ ਵਿਚ ਖੱਜਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਟੋਲਾ ''ਅਲੀ ਬਾਬਾ ਚਾਲੀਸ ਚੋਰਾਂ'' ਦਾ ਟੋਲਾ ਹੈ, ਜਿਸ ਨੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਦੇ ਸਿਵਾਏ ਕੋਈ ਕੰਮ ਨਹੀਂ ਕੀਤਾ। 
ਕੀਤਾ। 
ਬਾਜਵਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨਾਲੋਂ ਕਿਤੇ ਵਧ ਜਾਇਦਾਦ ਤੇ ਪੈਸਾ ਇਸ ਵੇਲੇ ਬਾਦਲਾਂ ਕੋਲ ਹੈ, ਇਸ ਲਈ ਬਾਦਲਾਂ ਦੀ ਧਨ-ਦੌਲਤ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਬਾਦਲ ਅੰਦਰੋਂ ਕੁਝ ਤੇ ਬਾਹਰੋਂ ਕੁਝ ਹਨ ਅਤੇ ਇਹ ਸਿਰਫ ਤੇ ਸਿਰਫ ਪੰਜਾਬ ਦੀ ਆਵਾਮ ਨੂੰ ਗੁੰਮਰਾਹ ਕਰਨ ਦੀਆਂ ਯੁਕਤਾਂ ਘੜਦੇ ਰਹਿੰਦੇ ਹਨ। ਅੰਤ ''ਚ ਪ੍ਰਤਾਪ ਬਾਜਵਾ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ''ਤੇ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਅਤੇ ਨਾਲ ਹੀ ਇਕ-ਇਕ ਲੱਖ ਰੁਪਏ ਦੀ ਰਾਸ਼ੀ ਵੀ ਘਰ ਬਣਾਉਣ ਲਈ ਮੁਹੱਈਆ ਕਰਵਾਈ ਜਾਵੇਗੀ। 
ਪ੍ਰਤਾਪ ਸਿੰਘ ਬਾਜਵਾ ਨੇ ਸਰਹੱਦੀ ਖੇਤਰ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ ਅਤੇ ਲੋੜ ਪੈਣ ''ਤੇ ਸਰਹੱਦੀ ਖੇਤਰ ਦੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ ਪ੍ਰਤਾਪ ਬਾਜਵਾ ਨੇ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਕਿਹਾ ਕਿ ਉਹ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਾਂਗਰਸ ਸਰਕਾਰ ਆਉਣ ''ਤੇ ਪਹਿਲ ਦੇ ਆਧਾਰ ''ਤੇ ਕਰਵਾਉਣਗੇ। 

Babita Marhas

News Editor

Related News