ਕੈਪਟਨ-ਬਾਜਵਾ ਦੀ ਲੜਾਈ ''ਚ ਭਾਜਪਾ ਦੀ ਐਂਟਰੀ

01/16/2020 6:44:54 PM

ਨਵੀਂ ਦਿੱਲੀ/ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਜਿੱਥੇ ਮੋਰਚਾ ਖੋਲ੍ਹਿਆ ਹੋਇਆ ਹੈ, ਉਥੇ ਹੀ ਹੁਣ ਵਿਰੋਧੀ ਵੀ ਇਸ ਲੜਾਈ 'ਚ ਸਰਗਰਮ ਹੋ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਕਾਂਗਰਸੀ ਲੀਡਰ ਵਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਗਏ ਹੋਣ। ਪ੍ਰਤਾਪ ਸਿੰਘ ਬਾਜਵਾ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਵੀ ਦੱਬੀ ਜ਼ੁਬਾਨ 'ਚ ਸਰਕਾਰ 'ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾ ਚੁੱਕੇ ਹਨ। ਚੁੱਘ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਅਤੇ ਅਫਸਰਾਂ ਦੀਆਂ ਮਨਮਰਜ਼ੀਆਂ ਕਾਰਨ ਸੂਬੇ ਦਾ ਬੁਰਾ ਹਾਲ ਹੈ ਜਦਕਿ ਇਸ ਦੇ ਉਲਟ ਕਾਂਗਰਸ ਸਾਡੇ 'ਤੇ ਸਵਾਲ ਚੁੱਕ ਰਹੀ ਹੈ। ਚੁੱਘ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਕਾਂਗਰਸ ਸੱਤਾ 'ਚ ਹੈ ਫਿਰ ਕਿਉਂ ਬਿਜਲੀ ਦੇ ਰੇਟ ਘੱਟ ਨਹੀਂ ਕਰ ਰਹੀ। 

ਜਸਟਿਸ ਐੱਸ. ਐੱਨ. ਢੀਂਗਰਾ ਦੀ ਰਿਪੋਰਟ 'ਤੇ ਚੁੱਘ ਨੇ ਕਿਹਾ ਕਿ ਇਸ ਰਿਪੋਰਟ ਨਾਲ ਕਾਂਗਰਸ ਦੇ ਰਾਜ਼ ਬਾਹਰ ਆ ਗਏ ਹਨ ਕਿ ਕਿਸ ਤਰ੍ਹਾਂ ਉਦੋਂ ਦੀ ਸਰਕਾਰ ਨੇ ਪੁਲਸ ਅਤੇ ਬਾਕੀ ਸੰਸਥਾਵਾਂ ਦੀ ਵਰਤੋਂ ਕਰਕੇ ਇਨਸਾਫ ਨਹੀਂ ਹੋਣ ਦਿੱਤਾ। '84 ਕਤਲੇਆਮ ਨੂੰ ਅੱਜ 35 ਸਾਲ ਹੋ ਗਏ ਹਨ ਅਤੇ ਲੋਕਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲ ਸਕਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਿਆ ਕਿ ਜਿਸ ਪਾਰਟੀ ਵਲੋਂ ਇਹ ਕਤਲੇਆਮ ਕਰਵਾਇਆ ਗਿਆ, ਉਦੋਂ ਤਾਂ ਕੈਪਟਨ ਨੇ ਅਸਤੀਫਾ ਦੇ ਦਿੱਤਾ ਸੀ ਫਿਰ ਅੱਜ ਉਹ ਇਸੇ ਪਾਰਟੀ ਦਾ ਹਿੱਸਾ ਕਿਉਂ ਹਨ।


Gurminder Singh

Content Editor

Related News