ਨਾਇਬ ਤਹਿਸੀਲਦਾਰ ਪ੍ਰੀਖਿਆ 'ਘਪਲੇ' 'ਚ ਬਾਜਵਾ ਨੇ ਘੇਰੀ ਪੰਜਾਬ ਸਰਕਾਰ, ਕੀਤੀ ਇਹ ਮੰਗ
Wednesday, Nov 16, 2022 - 10:13 PM (IST)
ਚੰਡੀਗੜ੍ਹ : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ) ਵੱਲੋਂ ਮਈ ਵਿੱਚ ਕਰਵਾਈ ਗਈ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਵਿੱਚ ਕਥਿਤ ਘੁਟਾਲੇ 'ਚ ਸ਼ਾਮਲ ਪੰਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਦੁਹਰਾਇਆ ਕਿ ਇਸ ਕਥਿਤ ਧੋਖਾਧੜੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਫੜਨ ਲਈ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਦੀ 'ਆਪ' ਸਰਕਾਰ ਦੇ ਕੁੱਝ ਵੱਡੇ ਲੋਕਾਂ ਜਾਂ ਕਿਸੇ ਸੀਨੀਅਰ ਨੌਕਰਸ਼ਾਹ ਦੀ ਇਸ ਕਥਿਤ ਰੈਕੇਟ 'ਚ ਭੂਮਿਕਾ 'ਤੇ ਸ਼ੱਕ ਕਰਦੇ ਹੋਏ ਬਾਜਵਾ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਦੇ ਕਿਸੇ ਵਿਅਕਤੀ ਜਾਂ ਕਿਸੇ ਸੀਨੀਅਰ ਨੌਕਰਸ਼ਾਹ ਦੀ ਮਿਲੀਭੁਗਤ ਤੋਂ ਬਿਨਾਂ ਹੀ ਅਜਿਹਾ ਸੋਚਿਆ-ਸਮਝਿਆ ਅਤੇ ਹਾਈਟੈੱਕ ਘੋਟਾਲਾ ਹੋਣਾ ਨਾਮੁਨਕਿਨ ਹੈ। ਬਾਜਵਾ ਨੇ ਕਿਹਾ ਪੰਜਾਬ ਪੁਲਸ ਅਕਸਰ ਮੌਜੂਦਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਦਬਾਅ ਹੇਠ ਕੰਮ ਕਰਦੀ ਹੈ, ਇਸ ਲਈ, ਅਸਲੀ ਅਪਰਾਧੀ ਨੂੰ ਫੜਨ ਲਈ ਇੱਕ ਸੁਤੰਤਰ ਨਿਆਇਕ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ, ਘਰ 'ਚ ਕੀਤਾ ਨਜ਼ਰਬੰਦ
ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ, ਕਾਂਗਰਸ, ਦੀਆਂ ਕਈ ਮੰਗਾਂ ਦੇ ਬਾਵਜੂਦ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਨਿਆਇਕ ਜਾਂਚ ਦੇ ਹੁਕਮ ਨਹੀਂ ਦਿੱਤੇ ਹਨ। ਅਜਿਹੇ ਵੱਡੇ ਘੁਟਾਲੇ ਪ੍ਰਤੀ ਉਸ ਦੇ ਲਾਪਰਵਾਹੀ ਵਾਲੇ ਰਵੱਈਏ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਸਰਕਾਰ ਵਿੱਚ ਆਪਣੇ ਸਾਥੀਆਂ ਜਾਂ ਕਿਸੇ ਸੀਨੀਅਰ ਨੌਕਰਸ਼ਾਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਕਿਹਾ ਪੁਲਸ ਨੇ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇੱਕ ਚੰਗਾ ਕੰਮ ਕੀਤਾ ਹੈ, ਫਿਰ ਵੀ ਉਹ ਵੱਡੀ ਖੇਡ ਵਿੱਚ ਵਰਤੇ ਗਏ ਮੋਹਰੇ ਹਨ। ਇਸ ਵੱਡੇ ਧੋਖਾਧੜੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਫੜਨ ਲਈ, ਸੁਤੰਤਰ ਨਿਆਇਕ ਜਾਂਚ ਜ਼ਰੂਰੀ ਹੈ।
ਬਾਜਵਾ ਨੇ ਕਿਹਾ ਕਿ ਪੁਲਸ ਦੇ ਅਨੁਸਾਰ, ਪ੍ਰਸ਼ਨ ਪੱਤਰ ਲੀਕ ਕਰਨ ਲਈ ਜੀ.ਐੱਸ.ਐੱਮ ਅਤੇ ਬਲੂਟੁੱਥ ਡਿਵਾਈਸਾਂ ਸਮੇਤ ਉੱਚ ਪੱਧਰੀ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ ਅਤੇ ਹਰਿਆਣਾ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਸੀ, ਮਾਹਿਰਾਂ ਨੇ ਉੱਤਰ-ਕੁੰਜੀਆਂ ਤਿਆਰ ਕੀਤੀਆਂ ਸਨ ਅਤੇ ਗਰੋਹ ਦੇ ਹੋਰ ਮੈਂਬਰਾਂ ਨੇ ਉਮੀਦਵਾਰਾਂ ਦੇ ਜਵਾਬ ਲਿਖਵਾਏ ਸਨ। ਉਨ੍ਹਾਂ ਕਿਹਾ ਪਟਵਾਰੀ ਭਰਤੀ ਪ੍ਰੀਖਿਆ ਪਾਸ ਕਰਨ ਵਿੱਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਨੇ ਨਾਇਬ ਤਹਿਸੀਲਦਾਰ ਦੇ ਟੈੱਸਟਾਂ ਵਿੱਚ ਟਾਪ ਕੀਤਾ ਸੀ। ਪੀ.ਪੀ.ਐੱਸ.ਸੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਰਤੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਨਹੀਂ ਕੀਤਾ ਗਿਆ ਸੀ। ਇਸ ਦੌਰਾਨ, ਪੰਜਾਬ ਪੁਲਸ ਦੁਆਰਾ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ 'ਆਪ' ਸਰਕਾਰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵੇ। ਇਸ ਤੋਂ ਇਲਾਵਾ ਮਾਮਲੇ ਦੀ ਡੂੰਘਾਈ ਅਤੇ ਨਿਰਪੱਖਤਾ ਨਾਲ ਜਾਂਚ ਦੇ ਮੱਦੇਨਜ਼ਰ, ਨਿਆਇਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ।