ਪ੍ਰਤਾਪ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਕਤਲ ''ਤੇ ਭਗਵੰਤ ਮਾਨ ਨੂੰ ਘੇਰਿਆ, ਸੁਰੱਖਿਆ ਵਾਪਸ ਲੈਣ ''ਤੇ ਵੀ ਚੁੱਕੇ ਸਵਾਲ
Monday, May 30, 2022 - 10:44 PM (IST)

ਮਾਨਸਾ (ਸੰਦੀਪ ਮਿੱਤਲ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖ ਗਈ ਹੈ। ਅੱਜ ਪਿੰਡ ਮੂਸਾ ਵਿਖੇ ਪਹੁੰਚੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਸਰਕਾਰ ਨੂੰ ਘੇਰਿਆ। ਉਨ੍ਹਾਂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ 'ਤੇ ਵੀ ਸਰਕਾਰ 'ਤੇ ਸਵਾਲ ਚੁੱਕੇ ਹਨ। ਉਧਰ ਭਾਵੁਕ ਮਨ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਆਪਣੇ ਪੁੱਤ ਦੀ ਸੁਰੱਖਿਆ ਵਾਪਸ ਲੈਣ, ਸੁਰੱਖਿਆ ਵਾਪਸ ਲੈਣ ਦਾ ਉਦੇਸ਼ ਦੇਣ ਦੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਇਸ ਹਮਲੇ ਨੂੰ ਗੈਂਗਵਾਰ ਦੱਸਣ 'ਤੇ ਮੁਆਫੀ ਮੰਗਣ ਦੀ ਮੰਗ ਕੀਤੀ ਸੀ, ਜਿਸ ਉਪਰੰਤ ਹੀ ਮੰਗਾਂ ਮੰਨਣ 'ਤੇ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ।
ਇਹ ਵੀ ਪੜ੍ਹੋ : ਕੀ ਕਾਂਗਰਸ ਪਾਰਟੀ ਆਪਣੇ ਨੌਜਵਾਨ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿਰਪੱਖ ਜਾਂਚ ਕਰਵਾਉਣ 'ਚ ਕਾਮਯਾਬ ਹੋਵੇਗੀ?
ਜ਼ਿਕਰਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਐਤਵਾਰ ਦੀ ਸ਼ਾਮ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਦਾ ਅਜੇ ਤੱਕ ਮਾਨਸਾ ਪੁਲਸ ਨੂੰ ਕੋਈ ਵੀ ਵੱਡਾ ਸੁਰਾਗ ਨਹੀਂ ਮਿਲਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਫਿਲਮ ਅਤੇ ਸੰਗੀਤ ਜਗਤ ਨਾਲ ਜੁੜੇ ਹੋਣ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪਰਿਵਾਰ ਨਾਲ ਹਮਦਰਦੀ ਅਤੇ ਇਨਸਾਫ ਦੇਣ ਦਾ ਯਕੀਨ ਦਿਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਦੇ ਪਿੰਡ ਆਉਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਇਸ ਦਾ ਕੋਈ ਫਿਕਰ ਨਹੀਂ। ਬਾਜਵਾ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਤੋਂ ਗੈਂਗਸਟਰ ਫਿਰੌਤੀਆਂ ਮੰਗ ਕੇ ਧਮਕੀ ਪੱਤਰ ਭੇਜਦੇ ਸਨ ਤਾਂ ਕੀ ਇਸ ਦਾ ਪਤਾ ਪੰਜਾਬ ਦੇ ਡੀ.ਜੀ.ਪੀ. ਨੂੰ ਨਹੀਂ ਲੱਗਾ। ਉਲਟਾ ਉਨ੍ਹਾਂ ਨੇ ਸਕਿਓਰਿਟੀ ਕਿਸ ਅਧਾਰ 'ਤੇ ਵਾਪਸ ਲਈ। ਇਸ ਦਾ ਜਵਾਬ ਸਮੁੱਚਾ ਪੰਜਾਬੀ ਜਗਤ ਮੰਗ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪਟਿਆਲਾ 'ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ