ਕੈਪਟਨ 26 ਜਨਵਰੀ ''ਤੇ ਪਟਿਆਲਵੀਆਂ ਨੂੰ ਦੇਣਗੇ ਅਹਿਮ ਤੋਹਫ਼ੇ : ਪਰਨੀਤ ਕੌਰ

01/25/2021 11:44:10 AM

ਪਟਿਆਲਾ (ਰਾਜੇਸ਼ ਪੰਜੌਲਾ) : ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਪਟਿਆਲਵੀਆਂ ਨੂੰ ਅਹਿਮ ਤੋਹਫ਼ੇ ਦੇਣਗੇ। ਮੁੱਖ ਮੰਤਰੀ ਸ਼ਹਿਰ ’ਚ ਛੋਟੀ ਅਤੇ ਵੱਡੀ ਨਦੀ ਨੂੰ ਪੁਨਰ ਸੁਰਜੀਤ ਕਰਨ ਲਈ 208.33 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਣਗੇ।

ਇਸ ਪ੍ਰਾਜੈਕਟ ਨੂੰ ਪਟਿਆਲਾ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਵੱਲੋਂ ਜਲ ਸਰੋਤ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੀ ਸਹਾਇਤਾ ਨਾਲ ਵਿਕਸਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਪਟਿਆਲਾ ਦੀ ਸੁੰਦਰਤਾ ਨੂੰ ਨਿਖਾਰਨ ਦੇ ਕੇਂਦਰ ਬਿੰਦੂ, ਵਿਰਾਸਤੀ ਰਾਜਿੰਦਰਾ ਝੀਲ ਦੀ 5 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਸੁਰਜੀਤੀ ਕੀਤੇ ਜਾਣ ਮਗਰੋਂ ਇਸ ਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨਗੇ।

ਉਨ੍ਹਾਂ ਵੱਲੋਂ ਮੁੱਖ ਮੰਤਰੀ ਸਲੱਮ ਡਿਵੈਲਪਮੈਂਟ ਪ੍ਰੋਗਰਾਮ ਬਸੇਰਾ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਰਹਿਣ ਲਈ ਜਾਇਦਾਦ ਦੇ ਮਾਲਕਾਨਾ ਹੱਕ ਵੀ ਸੌਂਪੇ ਜਾਣਗੇ। ਪਰਨੀਤ ਕੌਰ ਨੇ ਦੱਸਿਆ ਕਿ 8.65 ਕਿਲੋਮੀਟਰ ਲੰਬੀ ਵੱਡੀ ਨਦੀ ਦੇ ਸੁੰਦਰੀਕਰਨ ਦੇ ਕੰਮ ਨੂੰ ਫੋਕਲ ਪੁਆਇੰਟ ਨੇੜੇ ਦੌਲਤਪੁਰਾ ਪੁਲ ਨੇੜਿਓਂ ਸ਼ੁਰੂ ਕੀਤਾ ਜਾਵੇਗਾ। ਇੱਥੇ 15 ਐੱਮ. ਐੱਲ. ਡੀ. ਦਾ ਐੱਸ. ਟੀ. ਪੀ. ਤੇ 2.5 ਐੱਮ. ਐੱਲ. ਡੀ. ਦਾ ਸੀ. ਈ. ਟੀ. ਪੀ. ਲਾਇਆ ਜਾਵੇਗਾ।

ਇਸ ਤੋਂ ਬਿਨ੍ਹਾਂ ਪਟਿਆਲਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਕਰ ਕੇ ਛੋਟੀ ਨਦੀ ਦੇ 4.50 ਕਿਲੋਮੀਟਰ ਲੰਬੇ ਪੜਾਅ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ। ਸੰਸਦ ਮੈਂਬਰ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਵਿਰਾਸਤੀ ਰਾਜਿੰਦਰਾ ਝੀਲ ਦੇ ਸੁੰਦਰੀਕਰਨ ਮਗਰੋਂ ਇਸ ਨੂੰ ਪਟਿਆਲਵੀਆਂ ਦੇ ਸਪੁਰਦ ਕੀਤਾ ਜਾਵੇਗਾ। 


Babita

Content Editor

Related News