ਸੰਗਰੂਰ 'ਚ ਹੋਣ ਵਾਲੀ ਰੈਲੀ ਸਾਬਿਤ ਕਰ ਦੇਵੇਗੀ ਕਿ ਲੋਕ ਕੀ ਚਾਹੁੰਦੇ ਨੇ : ਪਰਮਿੰਦਰ ਢੀਂਡਸਾ
Saturday, Feb 22, 2020 - 05:57 PM (IST)
ਸੰਗਰੂਰ (ਵਿਵੇਕ ਸਿੰਧਵਾਨੀ) : ਐਤਵਾਰ ਨੂੰ ਸੰਗਰੂਰ ਦੀ ਧਰਤੀ 'ਤੇ ਹੋਣ ਜਾ ਰਹੀ ਰੈਲੀ ਲਈ ਲੋਕਾਂ 'ਚ ਬੇਹੱਦ ਉਤਸਾਹ ਹੈ ਅਤੇ ਰੈਲੀ 'ਚ ਆਉਣ ਵਾਲੇ ਲੋਕ ਅਸਲ ਅਕਾਲੀ ਦਲ ਦੀ ਸੋਚ ਵਾਲੇ ਹੋਣਗੇ, ਜੋ ਪੰਥ ਅਤੇ ਪੰਜਾਬ ਦੀ ਬੇਹਤਰੀ ਲਈ ਇਕੱਠੇ ਹੋ ਰਹੇ ਹਨ। ਇਹ ਸ਼ਬਦ ਇਥੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੇ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹੇ।। ਢੀਂਡਸਾ ਨੇ ਕਿਹਾ ਕਿ ਰੈਲੀ ਦੀ ਸਫਲਤਾ ਤੋਂ ਪਹਿਲਾਂ ਹੀ ਬਾਦਲਕਿਆਂ ਦੀ ਬੌਖਲਾਹਟ ਸਾਹਮਣੇ ਆ ਰਹੀ ਹੈ ਜਦੋਂ ਉਹ ਇਸ ਰੈਲੀ ਨੂੰ ਕਾਂਗਰਸ ਦਾ ਹਿੱਸਾ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਆਪਣੀ ਰੈਲੀ ਲਈ ਜਿਥੇ ਜ਼ਿਲੇ ਤੋਂ ਬਾਹਰਲੇ ਲੋਕ ਵੀ ਲਿਆਂਦੇ ਸਨ, ਉਥੇ ਅਸੀਂ ਸਿਰਫ ਜ਼ਿਲਾ ਸੰਗਰੂਰ ਦੇ ਵਾਸੀਆਂ ਦਾ ਹੀ ਇਕੱਠ ਕਰ ਰਹੇ ਹਾਂ। ਇਸ ਰੈਲੀ ਲਈ ਲੋਕ ਸਾਧਨ ਵੀ ਆਪਣੇ ਜੁਟਾ ਰਹੇ ਹਨ, ਜਦੋਂਕਿ ਬਾਦਲਾਂ ਨੇ ਰੈਲੀ ਲਈ ਐੱਸ. ਜੀ. ਪੀ. ਸੀ. ਦੀਆਂ ਗ੍ਰਾਂਟਾਂ ਦੀ ਵਰਤੋਂ ਕੀਤੀ।
ਪਰਮਿੰਦਰ ਢੀਂਡਸਾ ਨੇ ਕਿਹਾ ਸਾਡਾ ਮੁੱਖ ਮੰਤਵ ਐੱਸ. ਜੀ. ਪੀ. ਸੀ. 'ਚ ਆਏ ਨਿਘਾਰ ਤੋਂ ਇਸ ਨੂੰ ਬਚਾਉਣਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿੱਜੀ ਮੁਫਾਦਾਂ ਲਈ ਕੀਤੀ ਜਾ ਰਹੀ ਵਰਤੋਂ ਨੁੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਰਲ ਕੇ 1920 ਵਾਲੇ ਅਕਾਲੀ ਦਲ ਦੀ ਸੋਚ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਭਲਾਈ ਅਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਹੋਂਦ 'ਚ ਆਇਆ ਸੀ । ਢੀਂਡਸਾ ਨੇ ਦੱਸਿਆ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਰਵੀਇੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920, ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਸਮੇਤ ਹੋਰ ਪੰਥਕ ਸ਼ਖਸੀਅਤਾਂ ਸੰਬੋਧਨ ਕਰਣਗੀਆਂ।