ਖੇਤੀ ਬਿੱਲਾਂ ''ਤੇ ਸੁਖਬੀਰ ਬਾਦਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਪਰਮਿੰਦਰ ਢੀਂਡਸਾ
Tuesday, Sep 29, 2020 - 03:44 PM (IST)
ਸੰਗਰੂਰ (ਦਲਜੀਤ ਸਿੰਘ ਬੇਦੀ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਵਰਕਰ ਮੀਟਿੰਗਾਂ ਸਿਰਫ਼ ਪਾਰਟੀ ਦੀ ਹੋਂਦ ਬਚਾਉਣ ਲਈ ਕੀਤੀਆਂ ਜਾ ਰਹੀਆਂ ਹਨ। ਖ਼ੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਮੀਟਿੰਗਾਂ ਦਾ ਨੇੜੇ ਦਾ ਵੀ ਵਾਹ ਵਾਸਤਾ ਨਹੀਂ ਹੈ ਕਿਉਂਕਿ ਬਾਦਲ ਦਲ ਦੇ ਚੱਕਾ ਜਾਮ“ਦੇ ਸੱਦੇ ਨੂੰ ਪੰਜਾਬ ਦੇ ਲੋਕਾਂ ਨੇ ਮੁੱਢੋਂ ਹੀ ਫੇਲ ਕਰਕੇ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਖ਼ਤਰੇ ਦਾ ਅਹਿਸਾਸ ਕਰਵਾ ਦਿੱਤਾ ਸੀ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੇ ਲੋਕਾਂ ਨਾਲ ਵਿਸਵਾਸ਼ਘਾਤ ਕਰਨ ਦੀ ਖੇਤੀ ਵਿਰੋਧੀ ਬਿਲਾਂ ਦੇ ਹੱਕ 'ਚ ਸਟੈਂਡ ਲੈਣ ਵਾਲੀ ਪਹਿਲੀ ਗਲਤੀ ਨਹੀਂ ਸਗੋਂ ਬਾਰਵੀਂ-ਤੇਰਵੀਂ ਬੱਜਰ ਗਲਤੀ ਹੈ, ਜਿਸਦਾ ਖ਼ਮਿਆਜ਼ਾ ਸਮੁੱਚੇ ਪੰਜਾਬੀ ਜਗਤ ਨੂੰ ਭੁਗਤਣਾ ਪੈ ਰਿਹਾ ਹੈ। ਇਨ੍ਹਾਂ ਗਲਤੀਆਂ ਦੀ ਹਰੇਕ ਅਕਾਲੀ ਵਰਕਰ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ। ਕਿਸਾਨਾਂ ਦੇ ਹੱਕ 'ਚ ਗੱਲਾਂ ਕਰਨ ਬਹਾਣੇ ਆਪਣੇ ਵਰਕਰਾਂ ਲਈ ਆਪੇ ਪੈਦਾ ਕੀਤੀ ਸ਼ਰਮਿੰਦਗੀ 'ਚੋਂ ਕੱਢਣ ਦਾ ਹੀ ਯਤਨ ਹੈ ।
ਇਹ ਵੀ ਪੜ੍ਹੋ : ਲਾਪਤਾ ਸਰੂਪਾਂ ਦੇ ਮਾਮਲੇ 'ਚ ਪੰਥਕ ਜਥੇਬੰਦੀਆਂ ਨੇ ਮੰਗਿਆ ਲੌਂਗੋਵਾਲ ਦਾ ਅਸਤੀਫ਼ਾ
ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਨੇ ਬੇਅਦਬੀ, ਡੇਰਾ ਮੁਖੀ ਨੂੰ ਮੁਆਫ਼ੀ, ਫੈਡਰਲ ਢਾਂਚੇ ਅਤੇ ਕਿਸਾਨ ਵਿਰੋਧੀ ਆਰਡੀਨੈੱਸਾਂ ਦੇ ਪਾਸ ਹੋਣ ਤੱਕ ਦੀਆਂ ਗਲਤੀਆਂ ਗਿਣਾਉਂਦਿਆਂ ਕਿਹਾ ਕਿ ਕਿਸੇ ਸਿਆਸੀ ਪਰਿਵਾਰ ਨੂੰ ਤਾਂ ਇੱਕ ਗਲਤੀ ਸਿਆਸਤ ਤੋਂ ਬਾਹਰ ਹੋਣ ਦਾ ਰਸਤਾ ਦਿਖਾ ਦਿੰਦੀ ਹੈ ਪਰ ਜਿਸ ਪਰਿਵਾਰ ਨੇ ਇੱਕ ਦਰਜਨ ਤੋਂ ਵੱਧ ਬੱਜਰ ਗਲਤੀਆਂ ਕਰਕੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਨੀਵਾਂ ਦਿਖਾ ਦਿੱਤਾ ਹੋਵੇ ਅਤੇ ਪੂਰਾ ਪੰਜਾਬ ਗਲਤੀਆਂ ਦਾ ਖ਼ਮਿਆਜਾ ਭੁਗਤ ਰਿਹਾ ਹੋਵੇ। ਉਸ ਪਾਰਟੀ ਦੇ ਆਗੂ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਕਿਹੜੀਆਂ ਨਜ਼ਰਾਂ ਨਾਲ ਦੇਖਦੇ ਹਨ। ਢੀਂਡਸਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਦਾ ਨੌਜਵਾਨ ਅਤੇ ਕਿਸਾਨ ਆਪਣੀ ਜ਼ਿੰਦਗੀ ਜਿਉਣ ਦੇ ਅਧਿਕਾਰ ਦੀ ਲੜਾਈ ਲੜ ਰਿਹਾ ਹੈ । ਇਸ ਆਰ-ਪਾਰ ਦੀ ਲੜਾਈ ਉੱਪਰ ਸਿਆਸਤ ਕਰਨ ਵਾਲੇ ਆਗੂ ਜੱਗ ਜਾਹਿਰ ਹੋ ਗਏ ਹਨ। ਕਿਸਾਨ ਇਹ ਵੀ ਜਾਣ ਚੁੱਕੇ ਹਨ ਕਿ ਅੰਬਾਨੀ ਅਡਾਨੀ ਨੂੰ ਪੰਜਾਬ ਦਾ ਰਾਹ ਦਿਖਾਉਣ ਵਾਲੇ ਕੌਣ ਹਨ? ਢੀਂਡਸਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਉੱਠੀ ਕਿਸਾਨ ਲਹਿਰ ਨੇ ਜਿਥੇ ਕਿਸਾਨ ਦੇ ਹੱਕਾਂ ਦੀ ਆਵਾਜ਼ ਨੂੰ ਅੰਜ਼ਾਮ ਤਕ ਲੈ ਕੇ ਜਾਣਾ ਹੈ, ਉਥੇ ਸੱਚੀ ਅਤੇ ਝੂਠੀ ਸਿਆਸਤ ਕਰਨ ਵਾਲੇ ਲੋਕਾਂ ਦਾ ਵੀ ਨਿਤਾਰਾ ਕਰ ਦੇਣਾ ਹੈ ਜਿਨ੍ਹਾਂ ਨੇ ਮਾੜੇ ਮਨਸੂਬਿਆਂ ਕਰਕੇ ਕਿਸਾਨਾਂ ਆਹ ਦਿਨ ਦੇਖਣੇ ਪੈ ਰਹੇ ਹਨ।
ਇਹ ਵੀ ਪੜ੍ਹੋ : ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਿੰਡ 'ਚ ਸੋਗ ਦੀ ਲਹਿਰ