ਢੀਂਡਸਾ ਦੇ ਅਸਤੀਫੇ ਨਾਲ ਦਿੱਲੀ ਭਾਜਪਾ ਨੂੰ ਛਿੜੀ ਕੰਬਣੀ!

Tuesday, Jan 14, 2020 - 09:51 AM (IST)

ਢੀਂਡਸਾ ਦੇ ਅਸਤੀਫੇ ਨਾਲ ਦਿੱਲੀ ਭਾਜਪਾ ਨੂੰ ਛਿੜੀ ਕੰਬਣੀ!

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ 'ਚੋਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਢੀਂਡਸਾ ਉਤਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਨੂੰ ਲੈ ਕੇ ਪੰਜਾਬ 'ਚੋਂ ਦਿੱਲੀ ਗਈਆਂ ਰਿਪੋਰਟਾਂ ਕਾਰਨ ਦਿੱਲੀ ਬੈਠੀ ਭਾਜਪਾ ਨੂੰ ਕੰਬਣੀ ਛਿੜ ਗਈ, ਕਿਉਂਕਿ ਵੱਡੇ ਕੱਦ ਦੇ ਦੋਵੇਂ ਆਗੂਆਂ ਦਾ ਰਾਜਸੀ ਖੇਤਰ 'ਚ ਵੱਡਾ ਆਧਾਰ ਹੈ। ਇਸੇ ਕਾਰਨ ਪੰਜਾਬ 'ਚ ਬੈਠੇ ਸਾਰੇ ਧੜੇ ਤੇ ਅਕਾਲੀ ਦਲ ਤੋਂ ਖਫਾ ਹੋਏ ਨੇਤਾ ਸੁਖਦੇਵ ਢੀਂਡਸਾ ਦੀ ਅਗਵਾਈ ਕਬੂਲਣ ਦੀ ਤਿਆਰੀ 'ਚ ਬੈਠੇ ਹੋਏ ਹਨ। ਇਸੇ ਸਬੰਧ 'ਚ ਮਨਜੀਤ ਸਿੰਘ ਜੀ. ਕੇ. ਅਤੇ ਸਰਨਾ ਧੜੇ ਨੇ ਦਿੱਲੀ ਵਿਖੇ 18 ਜਨਵਰੀ ਨੂੰ ਪੰਥਕ ਇਕੱਠ ਸੱਦਿਆ ਹੈ।

ਇਸ ਪੰਥਕ ਇਕੱਠ 'ਚ ਪੰਜਾਬ ਵਿਚਲੇ ਸ. ਢੀਂਡਸਾ ਪੱਖੀ ਤੇ ਟਕਸਾਲੀਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਕਾਰਨ ਦਿੱਲੀ ਬੈਠੀ ਭਾਜਪਾ ਨੂੰ ਡਰ ਸਤਾਉਣ ਲੱਗ ਪਿਆ ਕਿ ਬਾਦਲ ਵਿਰੋਧੀ ਇਹ ਨੇਤਾ ਦਿੱਲੀ ਆ ਕੇ ਜੇਕਰ ਕੇਜਰੀਵਾਲ ਦੀ ਮਦਦ ਕਰਨਗੇ ਤਾਂ ਵੱਡਾ ਸਿਆਸੀ ਨੁਕਸਾਨ ਹੋਵੇਗਾ। ਦਿੱਲੀ ਬੈਠੀ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੇ ਪਾਰਟੀ ਸਾਂਝੀ ਹੈ, ਜਦੋਂਕਿ ਮਨਜੀਤ ਸਿੰਘ ਜੀ. ਕੇ., ਸਰਨਾ ਤੇ ਟਕਸਾਲੀਆਂ ਸਮੇਤ ਢੀਂਡਸੇ ਨੂੰ ਭਾਜਪਾ ਦੀ ਬਾਦਲ ਦਲ ਨਾਲ ਗਠਜੋੜ ਦੀ ਸਾਂਝ ਸੂਈ ਵਾਂਗ ਚੁੱਭੇਗੀ।

ਇਸ ਲਈ ਦਿੱਲੀ ਬੈਠੀ ਭਾਜਪਾ ਨਾਗਰਿਕ ਬਿੱਲ 'ਤੇ ਜੀ. ਐੱਨ. ਯੂ. ਕਾਲਜ 'ਚ ਹੋਏ ਹਮਲੇ 'ਤੇ ਮੁਸਲਮਾਨ ਭਾਈਚਾਰੇ ਤੋਂ ਪਹਿਲਾਂ ਖਫਾ ਸੀ। ਹੁਣ ਇਹ ਨਵਾਂ ਸਿਆਸੀ ਝਮੇਲਾ ਜੀ. ਕੇ. ਤੇ ਸਰਨੇ ਨੇ ਦਿੱਲੀ 'ਚ ਛੇੜ ਦਿੱਤਾ, ਕਿਉਂਕਿ ਉਕਤ ਦੋਵੇਂ ਨੇਤਾਵਾਂ ਨੂੰ ਪਤਾ ਹੈ ਕਿ 2012 'ਚ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਉਨ੍ਹਾਂ ਦੀ ਮਦਦ ਭਾਜਪਾ ਵਾਲੇ ਨਹੀਂ ਕਰਨਗੇ। ਇਸ ਲਈ ਕਿਉਂ ਨਾ ਕੇਜਰੀਵਾਲ ਨਾਲ ਯਾਰੀ ਪਾਈ ਜਾਵੇ, ਇਸ ਲਈ ਹੁਣ ਦਿੱਲੀ ਭਾਜਪਾ ਬੁਰੀ ਤਰ੍ਹਾਂ ਫਸ ਗਈ ਤੇ ਸਿਆਸੀ ਕੰਬਣੀ ਦਾ ਸ਼ਿਕਾਰ ਹੋ ਰਹੀ ਹੈ।


author

rajwinder kaur

Content Editor

Related News