ਅਕਾਲੀ ਦਲ ਬਾਦਲ ’ਚ ਵਾਪਸੀ ਦੀਆਂ ਅਟਕਲਾਂ ’ਤੇ ਬੋਲੇ ਢੀਂਡਸਾ, ‘ਆਪ’ ਨਾਲ ਗਠਜੋੜ ’ਤੇ ਦਿੱਤਾ ਵੱਡਾ ਬਿਆਨ

08/14/2021 6:36:08 PM

ਖੰਨਾ (ਸੁਖਵਿੰਦਰ ਕੌਰ, ਕਮਲ) : ਪੰਜਾਬ ਦੇ ਸਿਆਸੀ ਗਲਿਆਰਿਆਂ ’ਚ ਢੀਂਡਸਾ ਪਰਿਵਾਰ ਦੇ ਮੁੜ ਅਕਾਲੀ ਦਲ ਬਾਦਲ ’ਚ ਵਾਪਸ ਜਾਣ ਦੀਆਂ ਜਾਂ ‘ਆਪ’ ਨਾਲ ਗਠਜੋੜ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਪਰਮਿੰਦਰ ਢੀਂਢਸਾ ਨੇ ਵਿਰਾਮ ਲਗਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਪੱਸ਼ਟ ਤੌਰ ’ਤੇ ਕਿਹਾ ਕਿ ਢੀਂਡਸਾ ਪਰਿਵਾਰ ਮੁੜ ਕਦੇ ਵੀ ਅਕਾਲੀ ਦਲ ਬਾਦਲ ਵਿਚ ਵਾਪਸੀ ਨਹੀਂ ਕਰੇਗਾ ਤੇ ਅਕਾਲੀ ਦਲ ਸੰਯੁਕਤ ਦਾ ਕਿਸੇ ਵੀ ਕੀਮਤ ’ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਪੰਥਕ ਰਾਹਾਂ ’ਤੇ ਚੱਲ ਰਿਹਾ ਹੈ ਤੇ ਅਕਾਲੀ ਦਲ ਬਾਦਲ ਪੰਥਕ ਰਾਹਾਂ ਤੋਂ ਭਟਕ ਚੁੱਕਿਆ ਹੈ ਅਤੇ ‘ਆਪ’ ਪਾਰਟੀ ਦੀ ਸੋਚ ਕਦੇ ਵੀ ਪੰਥਕ ਨਹੀਂ ਰਹੀ।

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮੱਲ੍ਹੀ ਨੇ ਕੈਪਟਨ ਵਿਰੁੱਧ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ ਵਿਚਾਰਧਾਰਾ ਪੰਥਕ ਹੈ, ਜਿਸ ਵੀ ਕਿਸੇ ਪਾਰਟੀ ਦਾ ਏਜੰਡਾ ਨਿਰੋਲ ਪੰਥਕ ਹੋਵੇਗਾ ਅਕਾਲੀ ਦਲ ਸੰਯੁਕਤ ਸਿਰਫ ਉਸੇ ਹੀ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਬਾਰੇ ਸੋਚ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਸੰਯੁਕਤ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗਾ। ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਲਿਤ ਵਰਗ, ਕਿਸਾਨ, ਮੁਲਾਜ਼ਮ ਵਰਗ, ਵਪਾਰੀ ਵਰਗ ਤੇ ਸਪੋਰਟਸਮੈਨ ਸਮੇਤ ਹਰ ਵਰਗ ਨੂੰ ਖੁਸ਼ ਕਰਨ ’ਚ ਨਾਕਾਮਯਾਬ ਰਹੀ ਹੈ, ਜਿਸ ਕਾਰਨ ਸਾਰੇ ਵਰਗ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ।

ਇਹ ਵੀ ਪੜ੍ਹੋ : ਇਕਲੌਤੇ ਪੁੱਤ ਦੀ ਭਾਲ ’ਚ ਲੱਗੇ ਪਰਿਵਾਰ ਦੀ ਟੁੱਟੀ ਆਸ, ਇਸ ਹਾਲਤ ’ਚ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਢੀਂਡਸਾ ਨੇ ਅਕਾਲੀ ਦਲ ਬਾਦਲ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ 13 ਨੁਕਾਤੀ ਪ੍ਰੋਗਰਾਮ ’ਚ ਨਾ ਤਾਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ, ਨਾ ਹੀ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ, ਨਾ ਸੂਬੇ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਹੈ, ਨਾ ਹੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ ਤੇ ਨਾ ਹੀ ਪੰਜਾਬ ਦੇ ਪੰਥਕ ਮੁੱਦਿਆਂ ਦੀ ਕੋਈ ਗੱਲ ਹੈ। ਤਾਂ ਫਿਰ ਦੱਸੋ ਇਹ ਸਾਰੇ ਪੁਰਾਣੇ ਮੁੱਦੇ ਛੱਡ ਕੇ ਇਹ ਪੁਰਾਣਾ ਅਕਾਲੀ ਦਲ ਕਿਥੇ ਰਹਿ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬਾ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕਾਂਗਰਸ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਖ਼ਿਲਾਫ਼ 20 ਨੂੰ ਜਾਰੀ ਕੀਤਾ ਜਾਵੇਗਾ ਹੁਕਮਨਾਮਾ

ਨੋਟ - ਪਰਮਿੰਦਰ ਢੀਂਡਸਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News