ਢੀਂਡਸਾ ਨਾਲ ਫੋਟੋਆਂ ਖਿਚਵਾਉਣੀਆਂ ਅਕਾਲੀਆਂ ਨੂੰ ਪਈਆਂ ਮਹਿੰਗੀਆਂ

Tuesday, Apr 09, 2019 - 01:50 PM (IST)

ਢੀਂਡਸਾ ਨਾਲ ਫੋਟੋਆਂ ਖਿਚਵਾਉਣੀਆਂ ਅਕਾਲੀਆਂ ਨੂੰ ਪਈਆਂ ਮਹਿੰਗੀਆਂ

ਭਵਾਨੀਗੜ੍ਹ (ਕਾਂਸਲ) :  ਸਥਾਨਕ ਸ਼ਹਿਰ ਵਿਖੇ ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਸਵਾਗਤ ਲਈ ਇਕੱਠੇ ਹੋਏ ਅਕਾਲੀ-ਭਾਜਪਾ ਆਗੂ ਸ. ਢੀਂਡਸਾ ਦੇ ਇਥੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕਰਨ ਸਮੇਂ ਫੋਟੋਆਂ ਖਿਚਵਾਉਣ 'ਚ ਰੁੱਝੇ ਹੋਏ ਸਨ। ਹਮੇਸ਼ਾ ਦੀ ਤਰ੍ਹਾਂ ਇਕੱਠ ਅਤੇ ਆਗੂਆਂ ਦੀ ਬੇਧਿਆਨੀ ਦਾ ਫਾਇਦਾ ਉਠਾਉਂਦਿਆਂ ਜੇਬਕਤਰਿਆਂ ਨੇ ਕਈ ਆਗੂਆਂ ਦੀਆਂ ਜੇਬਾਂ 'ਤੇ ਆਪਣਾ ਹੱਥ ਸਾਫ ਕਰਦਿਆਂ ਹਜ਼ਾਰਾਂ ਰੁਪਏ ਲੈ ਕੇ ਰਫੂ-ਚੱਕਰ ਹੋ ਗਏ। ਜਾਣਕਾਰੀ ਅਨੁਸਾਰ ਆਗੂਆਂ ਨੂੰ ਜੇਬਕਤਰਿਆਂ ਵੱਲੋਂ ਆਪਣੀਆਂ ਜੇਬਾਂ ਸਾਫ ਕਰ ਦੇਣ ਬਾਰੇ ਉਸ ਸਮੇਂ ਪਤਾ ਚੱਲਿਆ ਜਦੋਂ ਸ. ਢੀਂਡਸਾ ਦਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਅਚਾਨਕ ਆਪਣੀਆਂ ਜੇਬਾਂ ਚੈੱਕ ਕੀਤੀਆਂ ਤਾਂ ਉਨ੍ਹਾਂ 'ਚੋਂ ਕਈਆਂ ਦੇ ਪਰਸ ਗਾਇਬ ਹੋ ਚੁੱਕੇ ਸਨ।

ਜਾਣਕਾਰੀ ਦਿੰਦਿਆਂ ਕੁਝ ਆਗੂਆਂ ਨੇ ਦੱਸਿਆ ਕਿ ਜੇਬਕਤਰਿਆਂ ਵੱਲੋਂ ਇਸ ਮੌਕੇ ਇਕੱਠ ਦਾ ਫਾਇਦਾ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਬਚੀ ਸਾਬਕਾ ਪ੍ਰਬੰਧਕੀ ਮੈਂਬਰ ਪਾਵਰਕਾਮ ਦੀ ਜੇਬ ਵਿਚੋਂ ਪਰਸ ਉਪਰ ਹੱਥ ਸਾਫ ਕੀਤਾ। ਉਨ੍ਹਾਂ ਅਨੁਸਾਰ ਪਰਸ 'ਚ 10 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਵੀ ਸਨ। ਇਸੇ ਤਰ੍ਹਾਂ ਜੇਬਕਤਰਿਆਂ ਨੇ ਅਕਾਲੀ ਦਲ ਦੇ ਬਲਾਕ ਧੂਰੀ ਦੇ ਪ੍ਰਧਾਨ ਕਰਮਜੀਤ ਸਿੰਘ ਭੁਲਰਹੇੜੀ ਦੇ ਪਰਸ ਉਪਰ ਹੱਥ ਸਾਫ ਕੀਤਾ, ਜਿਸ ਵਿਚ 9 ਹਜ਼ਾਰ ਰੁਪਏ ਅਤੇ ਸਥਾਨਕ ਨਗਰ ਕੌਂਸਲ ਦੇ ਉਪ ਪ੍ਰਧਾਨ ਅਤੇ ਭਾਜਪਾ ਆਗੂ ਸੁਖਜਿੰਦਰ ਸਿੰਘ ਰੀਟੂ ਦੇ ਪਰਸ ਉਪਰ ਆਪਣਾ ਹੱਥ ਸਾਫ ਕੀਤਾ, ਜਿਸ 'ਚ ਵੀ ਕਈ ਹਜ਼ਾਰ ਰੁਪਏ ਸਨ। ਆਗੂਆਂ ਨੇ ਦੱਸਿਆ ਕਿ ਇਕ ਹੋਰ ਆਗੂ ਦੇ ਪਰਸ ਉਪਰ ਵੀ ਜੇਬਕਤਰਿਆਂ ਨੇ ਹੱਥ ਸਾਫ ਕੀਤਾ ਜਿਸ ਵਿਚ ਕਰੀਬ 32 ਹਜ਼ਾਰ ਰੁਪਏ ਦੀ ਨਗਦੀ ਸੀ, ਜੋ ਬੈਂਕ ਦੀ ਕਿਸ਼ਤ ਭਰਨ ਲਈ ਇਹ ਨਕਦੀ ਲੈ ਕੇ ਆਇਆ ਸੀ।

ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਕਦੀ ਜਾਣ ਦਾ ਦੁੱਖ ਤਾਂ ਹੈ ਹੀ ਪਰ ਇਸ ਤੋਂ ਵੀ ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਪਰਸਾਂ ਵਿਚ ਨਕਦੀ ਤੋਂ ਇਲਾਵਾ ਹੋਰ ਜੋ ਜ਼ਰੂਰੀ ਦਸਤਾਵੇਜ਼ ਸਨ, ਉਹ ਦੁਬਾਰਾ ਹਾਸਲ ਨਹੀਂ ਕਰ ਸਕਦੇ।


author

Anuradha

Content Editor

Related News