ਦਸੰਬਰ ਤੋਂ ਪਾਰਕਿੰਗ ਫੀਸ ਦੇਣ ਲਈ ਹੋ ਜਾਓ ਤਿਆਰ
Monday, Nov 11, 2019 - 03:31 PM (IST)

ਚੰਡੀਗੜ੍ਹ (ਰਾਜਿੰਦਰ) : ਜੇਕਰ ਸਭ ਕੁਝ ਚੰਡੀਗੜ੍ਹ ਨਗਰ ਨਿਗਮ ਦੇ ਪਲਾਨ ਅਨੁਸਾਰ ਰਿਹਾ ਤਾਂ ਸ਼ਹਿਰਵਾਸੀ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਪਾਰਕਿੰਗ ਫੀਸ ਦੇਣ ਲਈ ਤਿਆਰ ਹੋ ਜਾਣ, ਕਿਉਂਕਿ ਨਿਗਮ ਨੇ 89 ਪੇਡ ਪਾਰਕਿੰਗਜ਼ ਲਈ ਕੰਮ ਅਲਾਟ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਿਗਮ ਨੇ ਇਸ ਮਹੀਨੇ ਦੋ ਏਜੰਸੀਆਂ ਇਸ ਲਈ ਫਾਈਨਲ ਕਰਨੀਆਂ ਹਨ ਕਿਉਂਕਿ ਦੋ ਵੱਖ-ਵੱਖ ਜ਼ੋਨਾਂ 'ਚ ਪਾਰਕਿੰਗ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ। ਹਾਲੇ ਨਿਗਮ ਦੀ ਜ਼ਿਆਦਾਤਰ ਪਾਰਕਿੰਗਜ਼ ਖਾਲੀ ਪਈਆਂ ਹਨ, ਜਦੋਂਕਿ ਕੁਝ ਪਾਰਕਿੰਗਜ਼ ਨਿਗਮ ਖੁਦ ਚਲਾ ਰਿਹਾ ਹੈ। ਕਰਮਚਾਰੀਆਂ ਦੀ ਕਮੀ ਹੋਣ ਕਾਰਨ ਨਿਗਮ ਠੀਕ ਢੰਗ ਨਾਲ ਇਨ੍ਹਾਂ ਨੂੰ ਚਲਾ ਨਹੀਂ ਪਾ ਰਿਹਾ ਹੈ।
ਇਸ ਸਬੰਧ 'ਚ ਨਗਰ ਨਿਗਮ ਦੇ ਮੇਅਰ ਰਾਜੇਸ਼ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ 57 ਇਕ ਅਤੇ 32 ਪਾਰਕਿੰਗਜ਼ ਦਾ ਵੱਖ ਤੋਂ ਏਜੰਸੀ ਫਾਈਨਲ ਕਰਨ ਲਈ ਦੋ ਜ਼ੋਨਾਂ 'ਚ ਟੈਂਡਰ ਕੱਢ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ 22 ਨਵੰਬਰ ਤੱਕ ਇਸ ਲਈ ਏਜੰਸੀਆਂ ਅਪਲਾਈ ਕਰ ਸਕਦੀਆਂ ਹਨ ਅਤੇ ਉਸੇ ਦਿਨ ਬਿੱਡ ਓਪਨ ਕੀਤੀ ਜਾਵੇਗੀ। ਜੋ ਵੀ ਕੰਪਨੀ ਵੱਧ ਬੋਲੀ ਲਾਏਗੀ ਅਤੇ ਯੋਗਤਾ ਪੂਰੀ ਕਰੇਗੀ, ਉਸਨੂੰ ਨਿਗਮ ਕੰਮ ਅਲਾਟ ਕਰ ਦੇਵੇਗਾ। ਨਿਗਮ ਨੇ 2.37 ਕਰੋੜ ਅਤੇ 2.12 ਕਰੋੜ ਰੁਪਏ ਦੇ ਦੋ ਵੱਖ-ਵੱਖ ਟੈਂਡਰ ਲਾਏ ਹਨ।
ਤਿੰਨ ਮਹੀਨਿਆਂ ਅੰਦਰ ਕਰਨੀ ਹੋਵੇਗੀ ਸਮਾਰਟ
ਨਿਗਮ ਜੋ ਵੀ ਏਜੰਸੀਆਂ ਫਾਈਨਲ ਕਰੇਗਾ, ਉਸਨੂੰ ਐਗਰੀਮੈਂਟ ਅਧੀਨ ਤਿੰਨ ਮਹੀਨਿਆਂ ਦੇ ਅੰਦਰ ਸਾਰੀਆਂ ਪਾਰਕਿੰਗਜ਼ 'ਚ ਸਮਾਰਟ ਸੁਵਿਧਾਵਾਂ ਉਪਲੱਬਧ ਕਰਵਾਉਣੀਆਂ ਹੋਣਗੀਆਂ। ਪਾਰਕਿੰਗਜ਼ ਸਮਾਰਟ ਹੋਣ ਤੋਂ ਬਾਅਦ ਹੀ ਪਾਰਕਿੰਗ ਰੇਟ ਦੀ ਨਵੀਂ ਸਲੈਬ ਲਾਗੂ ਹੋਵੇਗੀ। ਇਸ ਲਈ ਕਮੇਟੀ ਵੱਲੋਂ ਪਾਰਕਿੰਗਜ਼ ਦਾ ਦੌਰਾ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੀ ਪਾਰਕਿੰਗ ਸਮਾਰਟ ਹੋਣ ਨੂੰ ਲੈ ਕੇ ਹਰੀ ਝੰਡੀ ਦਿੱਤੀ ਜਾਵੇਗੀ। ਨਿਗਮ ਨੇ ਹਾਲੇ ਫਿਲਹਾਲ ਜੋ ਰੇਟ ਤੈਅ ਕੀਤੇ ਹਨ, ਉਸ ਤਹਿਤ ਦੋਪਹੀਆ ਵਾਹਨਾਂ ਲਈ ਪਹਿਲੇ ਚਾਰ ਘੰਟਿਆਂ ਦੇ 5 ਰੁਪਏ ਅਤੇ ਉਸ ਤੋਂ ਬਾਅਦ 10 ਰੁਪਏ ਚਾਰਜ ਕੀਤੇ ਜਾਣਗੇ। ਇਸੇ ਤਰ੍ਹਾਂ ਚਾਰ ਪਹੀਆ ਵਾਹਨਾਂ ਲਈ ਪਹਿਲਾਂ ਚਾਰ ਘੰਟੇ ਦੇ 10 ਰੁਪਏ ਅਤੇ ਉਸਤੋਂ ਬਾਅਦ 20 ਰੁਪਏ ਚਾਰਜ ਕੀਤੇ ਜਾਣਗੇ। ਇਸੇ ਤਰ੍ਹਾਂ 25 ਰੁਪਏ ਦੇ ਪਾਸ 'ਤੇ ਪਾਰਕਿੰਗ 'ਚ ਕਈ ਵਾਰ ਐਂਟਰੀ ਕੀਤੀ ਜਾ ਸਕੇਗੀ। ਨਿਗਮ ਨੇ ਤੈਅ ਕੀਤਾ ਹੈ ਕਿ ਇਸ ਵਾਰ ਇਲੈਕਟ੍ਰਿਕ ਵਾਹਨਾਂ ਨੂੰ ਪਾਰਕਿੰਗ 'ਚ 50 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਇਸਤੋਂ ਇਲਾਵਾ ਪਾਰਕਿੰਗ 'ਚ 10 ਮਿੰਟ ਦੀ ਪਿੱਕ ਐਂਡ ਡਰਾਪ ਦੀ ਸਹੂਲਤ ਹੋਵੇਗੀ, ਜਿਸ ਲਈ ਏਜੰਸੀ ਵੱਲੋਂ ਕੁਝ ਵੀ ਚਾਰਜ ਨਹੀਂ ਕੀਤਾ ਜਾਵੇਗਾ।
ਤਿੰਨ ਸਾਲ ਲਈ ਦਿੱਤੀਆਂ ਜਾਣਗੀਆਂ ਪਾਰਕਿੰਗਜ਼
ਪਾਰਕਿੰਗ ਦਾ ਕਾਂਟਰੈਕਟ ਤਿੰਨ ਸਾਲ ਲਈ ਦਿੱਤਾ ਜਾਵੇਗਾ, ਜਿਸਨੂੰ ਦੋ ਹੋਰ ਸਾਲ ਐਕਸਟੈਂਡ ਕੀਤਾ ਜਾ ਸਕੇਗਾ। ਦੱਸ ਦਈਏ ਕਿ ਚੰਡੀਗੜ੍ਹ ਵਪਾਰ ਮੰਡਲ ਨੇ ਪਾਰਕਿੰਗ ਦੇ ਰੇਟ ਘੱਟ ਕਰਨ ਦੀ ਮੰਗ ਕੀਤੀ ਸੀ, ਜਿਸਤੋਂ ਬਾਅਦ ਹੀ ਨਿਗਮ ਨੇ ਪਾਰਕਿੰਗ ਦੇ ਉਕਤ ਰੇਟ ਤੈਅ ਕੀਤੇ ਸਨ ਪਰ ਬਾਵਜੂਦ ਇਸਦੇ ਇਸ 'ਚ ਸਾਲਾਨਾ ਵਾਧੇ ਦਾ ਵੀ ਪ੍ਰਸਤਾਵ ਹੈ। ਲੋਕਾਂ ਲਈ ਰਾਹਤ ਦੀ ਖਬਰ ਇਹ ਹੈ ਕਿ ਇਸ ਵਾਰ ਵਾਧਾ ਪਿਛਲੇ ਕਾਂਟਰੈਕਟ ਦੇ ਮੁਕਾਬਲੇ ਘੱਟ ਹੈ।