ਮੁੱਖ ਮੰਤਰੀ ਬਾਦਲ ਦੇ ਸੰਗਤ ਦਰਸ਼ਨ ''ਚ ਮਚੀ ਹਲਚਲ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪੋਤ ਭਾਣਜੀ ਨੇ ਖੋਲ੍ਹੀ ਅਕਾਲੀ ਆਗੂ ਦੀ ਪੋਲ

07/27/2016 12:27:43 PM

ਬਰਨਾਲਾ/ਧਨੌਲਾ (ਵਿਵੇਕ ਸਿੰਧਵਾਨੀ/ਰਵੀ/ਰਵਿੰਦਰ)— ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪੋਤ ਭਾਣਜੀ ਮੁੱਖ ਮੰਤਰੀ ਤੋਂ ਇਨਸਾਫ ਲੈਣ ਲਈ ਪਿੰਡ ਕਾਲੇਕੇ ''ਚ ਪੁੱਜੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਸਕਿਓਰਟੀ ਗਾਰਡਾਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜਦੋਂ ਪੱਤਰਕਾਰ ਇਸ ਸਬੰਧ ''ਚ ਸ਼ਹੀਦ ਦੀ ਪੋਤ ਭਾਣਜੀ ਨਾਲ ਉਸ ਦਾ ਦਰਦ ਪੁੱਛਣ ਲਈ ਉਸ ਦੇ ਆਲੇ ਦੁਆਲੇ ਹੋਏ ਤਾਂ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਮੌਕੇ ''ਤੇ ਆ ਕੇ ਸ਼ਹੀਦ ਦੀ ਪੋਤ ਭਾਣਜੀ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਜ਼ਰੂਰ ਮਿਲਾਇਆ ਜਾਵੇਗਾ।

ਸਾਡੀ ਜ਼ਮੀਨ ''ਤੇ ਅਕਾਲੀ ਸਰਪੰਚ ਦੀ ਸਹਿ ''ਤੇ ਹੋ ਗਿਆ ਹੈ ਕਬਜ਼ਾ
ਪੱਤਰਕਾਰਾਂ ਨੂੰ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਕੌਰ ਵਾਸੀ ਸ਼ਹੀਦ ਸਰਾਭਾ ਮਾਰਗ ਪਿੰਡ ਦਾਦ ਜ਼ਿਲਾ ਲੁਧਿਆਣਾ ਨੇ ਕਿਹਾ ਕਿ ਉਸ ਦੇ ਪਤੀ ਨਿਰਮਲ ਸਿੰਘ ਦੇ ਨਾਮ ''ਤੇ ਸਾਢੇ ਸੱਤ ਏਕੜ ਜ਼ਮੀਨ ਪਿਛਲੇ 20 ਸਾਲਾਂ ਤੋਂ ਠੇਕੇ ''ਤੇ ਦਿੱਤੀ ਹੋਈ ਸੀ। 2015 ''ਚ ਜਦੋਂ ਅਸੀਂ ਉਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਜ਼ਮੀਨ ''ਚ ਫਸਲ ਬੀਜੀ ਹੋਈ ਹੈ, ਤੁਸੀਂ 80, 000 ਰੁਪਿਆ ਦੇ ਦਿਓ। ਜਿਸ ''ਤੇ ਅਸੀਂ 80,000 ਰੁਪਏ ਉਨ੍ਹਾਂ ਨੂੰ ਦੇ ਦਿੱਤੇ ਅਤੇ ਜ਼ਮੀਨ ਵਾਪਸ ਲੈ ਲਈ ਪਰ ਜਦੋਂ ਅਸੀਂ ਜ਼ਮੀਨ ਦੀ ਮਿਣਤੀ ਕੀਤੀ ਤਾਂ ਉਸ ਵਿਚੋਂ ਅੱਧਾ ਕਿੱਲਾ ਜ਼ਮੀਨ ਘੱਟ ਸੀ ਪਰ ਉਨ੍ਹਾਂ ਵਲੋਂ ਸਾਡੀ ਜ਼ਮੀਨ ਵਾਪਸ ਨਹੀਂ ਕੀਤੀ ਜਾ ਰਹੀ।

ਜ਼ਿਲੇ ਦੇ ਸੰਬੰਧਤ ਐਸ.ਐਸ.ਪੀ. ਨੂੰ ਭੇਜ ਦਿੱਤੀ ਹੈ ਜਾਂਚ
ਜਦੋਂ ਇਸ ਸਬੰਧ ''ਚ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹੀਦ ਦੀ ਪੋਤ ਭਾਣਜੀ ਨੂੰ ਮੁੱਖ ਮੰਤਰੀ ਨਾਲ ਮਿਲਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਮੈਨੂੰ ਸੌਂਪ ਦਿੱਤੀ ਹੈ। ਉਨ੍ਹਾਂ ਵਲੋਂ ਸਬੰਧਿਤ ਜ਼ਿਲੇ ਦੇ ਐਸ.ਐਸ.ਪੀ. ਨਾਲ ਗੱਲਬਾਤ ਕਰ ਲਈ ਗਈ ਹੈ।


Gurminder Singh

Content Editor

Related News